ਧੁੰਦਲਾ ਭਵਿੱਖ

0
2

ਇਲਾਹਾਬਾਦ ਹਾਈ ਕੋਰਟ ਨੇ ਯੂਪੀ ਏ ਪੀ ਓ ਪ੍ਰੀਖਿਆ 2025 ਦੇ ਨਤੀਜੇ ਰੱਦ ਕਰ ਦਿੱਤੇ ਹਨ | ਪੂਰੀ ਪ੍ਰਕਿਰਿਆ ਹੁਣ ਨਵੇਂ ਸਿਰੇ ਤੋਂ ਕਰਵਾਈ ਜਾਵੇਗੀ | ਇਹ ਰੱਦ ਕੀਤੀ ਗਈ 22ਵੀਂ ਅਜਿਹੀ ਪ੍ਰੀਖਿਆ ਹੈ | ਸਪਾ ਮੁਖੀ ਅਖਿਲੇਸ਼ ਯਾਦਵ ਨੇ ਰਾਖਵੇਂਕਰਨ ਅਤੇ ਰੁਜ਼ਗਾਰ ਦੇ ਮੁੱਦਿਆਂ ‘ਤੇ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਹੈ |
ਅਸਿਸਟੈਂਟ ਪ੍ਰਾਸੇਕਿਊਸ਼ਨ ਆਫੀਸਰ (ਏ ਪੀ ਓ) ਮੁਢਲੀ ਪ੍ਰੀਖਿਆ-2025 ਦੇ ਨਤੀਜੇ ਰੱਦ ਕਰਦਿਆਂ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੀਸ਼ ਕੁਮਾਰ ਨਿਗਮ ਨੇ ਯੂ ਪੀ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਪੀ ਐੱਸ ਸੀ) ਨੂੰ ਇੱਕ ਨਵੀਂ ਮੈਰਿਟ ਸੂਚੀ ਤਿਆਰ ਕਰਨ ਅਤੇ ਸੋਧੇ ਹੋਏ ਨਤੀਜਿਆਂ ਦੇ ਆਧਾਰ ‘ਤੇ ਮੁੱਖ ਪ੍ਰੀਖਿਆ ਦੁਬਾਰਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਕੋਰਟ ਨੇ ਸਪੱਸ਼ਟ ਕੀਤਾ ਕਿ ਗੈਰ-ਰਿਜ਼ਰਵ ਯਾਨੀ ਓਪਨ ਕੈਟੇਗਰੀ ਸਿਰਫ ਜਨਰਲ ਕੈਟੇਗਰੀ ਦੇ ਉਮੀਦਵਾਰਾਂ ਲਈ ਰਾਖਵੀਂ ਨਹੀਂ ਹੈ | ਸਾਰੀਆਂ ਕੈਟੇਗਰੀਆਂ ਦੇ ਉਮੀਦਵਾਰ ਯੋਗਤਾ ਦੇ ਆਧਾਰ ‘ਤੇ ਚੁਣੇ ਜਾਣ ਦੇ ਪਾਤਰ ਹਨ | ਮਾਮਲੇ ਵਿੱਚ ਯੂ ਪੀ ਪੀ ਐੱਸ ਸੀ ਦੇ ਹਲਫਨਾਮੇ ਵਿੱਚ ਖੁਲਾਸਾ ਹੋਇਆ ਸੀ ਕਿ 321 ਓ ਬੀ ਸੀ ਅਤੇ 43 ਐੱਸ ਸੀ ਉਮੀਦਵਾਰਾਂ ਨੇ ਗੈਰ-ਰਿਜ਼ਰਵ ਕੈਟੇਗਰੀ ਵਿੱਚ ਆਖਰੀ ਚੁਣੇ ਗਏ ਉਮੀਦਵਾਰ ਨਾਲੋਂ ਵੱਧ ਅੰਕ ਪ੍ਰਾਪਤ ਕੀਤੇ ਸਨ | ਇਸ ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੀਆਂ ਰਿਜ਼ਰਵ ਕੈਟੇਗਰੀਆਂ ਵਿੱਚ ਹੀ ਰੱਖਿਆ ਗਿਆ |
ਹਾਈ ਕੋਰਟ ਨੇ ਯੂ ਪੀ ਪੀ ਐੱਸ ਸੀ ਦੇ 9 ਜਨਵਰੀ, 2020 ਦੇ ਦਫਤਰੀ ਮੈਮੋਰੰਡਮ ਨੂੰ ਵੀ ਰੱਦ ਕਰ ਦਿੱਤਾ, ਜਿਸ ਤਹਿਤ ਰਿਜ਼ਰਵ ਵਰਗ ਦੇ ਮੈਰੀਟੋਰੀਅਸ ਉਮੀਦਵਾਰਾਂ ਨੂੰ ਗੈਰ-ਰਿਜ਼ਰਵ ਕੈਟੇਗਰੀ ਵਿੱਚ ਸ਼ਾਮਲ ਕਰਨ ਦਾ ਲਾਭ ਸਿਰਫ ਅੰਤਿਮ ਚੋਣ ਪੜਾਅ ਵਿੱਚ ਦੇਣ ਦੀ ਵਿਵਸਥਾ ਕੀਤੀ ਗਈ ਸੀ | ਕੋਰਟ ਨੇ ਕਿਹਾ ਕਿ ਭਰਤੀ ਦੇ ਹਰ ਪੜਾਅ ‘ਤੇ ਓਪਨ ਕੈਟੇਗਰੀਆਂ ਸਾਰੇ ਵਰਗਾਂ ਲਈ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ | ਰਿਜ਼ਰਵ ਵਰਗ ਦੇ ਕਿਸੇ ਉਮੀਦਵਾਰ ਨੂੰ ਸਿਰਫ ਉਸ ਦੀ ਜਾਤੀਗਤ ਕੈਟੇਗਰੀ ਦੇ ਆਧਾਰ ‘ਤੇ ਗੈਰ-ਰਿਜ਼ਰਵ ਵਰਗ ਦੀ ਸੂਚੀ ਵਿੱਚੋਂ ਬਾਹਰ ਕੱਢਣਾ ਸਮਾਨਤਾ ਦੇ ਸੰਵਿਧਾਨਕ ਸਿਧਾਂਤਾਂ ਦੇ ਖਿਲਾਫ ਹੈ |
ਇਲਾਹਾਬਾਦ ਹਾਈ ਕੋਰਟ ਦਾ ਇਹ ਫੈਸਲਾ ਯੂ ਪੀ ਦੀ ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਇੱਕ ਵੱਡਾ ਝਟਕਾ ਹੈ | ਇਹ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਰੁਖ਼ ਨੂੰ ਵੀ ਉਜਾਗਰ ਕਰਦਾ ਹੈ | ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਯੂ ਪੀ ਵਿੱਚ ਰੱਦ ਕੀਤੀ ਜਾਣ ਵਾਲੀ ਇਹ 22ਵੀਂ ਪ੍ਰੀਖਿਆ ਹੈ | ਭਾਜਪਾ ਸਰਕਾਰ ਜਾਣਦੀ ਸੀ ਕਿ ਏ ਪੀ ਓ ਭਰਤੀ ਦਾ ਮਾਮਲਾ ਅਦਾਲਤ ਵਿੱਚ ਨਹੀਂ ਚੱਲੇਗਾ ਅਤੇ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ | ਜਾਪਦਾ ਹੈ ਕਿ ਸਰਕਾਰ ਦਾ ਨੌਕਰੀਆਂ ਦੇਣ ਦਾ ਕੋਈ ਇਰਾਦਾ ਨਹੀਂ ਸੀ, ਕਿਉਂਕਿ ਪ੍ਰੀਖਿਆ ਰੱਦ ਕਰਨ ਨਾਲ ਨਾ ਤਾਂ ਨੌਕਰੀਆਂ ਮਿਲਣਗੀਆਂ, ਨਾ ਹੀ ਰਾਖਵੇਂਕਰਨ ਦੇ ਲਾਭ ਮਿਲਣਗੇ ਅਤੇ ਨਾ ਹੀ ਤਨਖਾਹਾਂ ਦਿੱਤੀਆਂ ਜਾਣਗੀਆਂ | ਸੂਬਾ ਸਰਕਾਰ ਦੀ ‘ਸ਼ੈਤਾਨੀ’ ਕਾਰਨ ਏ ਪੀ ਓ ਪ੍ਰੀਖਿਆ ਦੇਣ ਵਾਲੇ 50,000 ਤੋਂ ਵੱਧ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਸਖਤ ਮਿਹਨਤ, ਸਮਾਂ ਅਤੇ ਉਮੀਦਾਂ ਮਿੱਟੀ ਵਿੱਚ ਮਿਲ ਗਏ ਹਨ | ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੁਆਰਾ ਪ੍ਰੀਖਿਆ ਦੀ ਤਿਆਰੀ ਵਿੱਚ ਖਰਚ ਕੀਤੇ ਗਏ ਪੈਸੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ? ਹੁਣ, ਜੇ ਪ੍ਰੀਖਿਆ ਦੁਬਾਰਾ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਉਮੀਦਵਾਰਾਂ ਨੂੰ ਨਵੇਂ ਖਰਚਿਆਂ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਵੇਗਾ | ਇਸ ਫੈਸਲੇ ਨੇ ਇੱਕ ਵਾਰ ਫਿਰ ਰਾਜ ਵਿੱਚ ਭਰਤੀ ਪ੍ਰਕਿਰਿਆ, ਰਾਖਵੇਂਕਰਨ ਅਤੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਲੈ ਕੇ ਸਿਆਸੀ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ | ਯੋਗੀ ਸਰਕਾਰ ਕਰੀਬ 10 ਸਾਲ ਤੋਂ ਚੱਲ ਰਹੀ ਹੈ, ਪਰ ਇਸ ਨੇ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ |