ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਸਪੱਸ਼ਟ ਕੀਤਾ ਕਿ ਉਹ ਦਿੱਲੀ ਵਿਚ ਪ੍ਰਸ਼ਾਸਕੀ ਸੇਵਾਵਾਂ ਆਪਣੇ ਕੰਟਰੋਲ ’ਚ ਲੈਣ ਦੇ ਕੇਂਦਰ ਦੇ ਆਰਡੀਨੈਂਸ ਦੀ ਹਮਾਇਤ ਨਹੀਂ ਕਰੇਗੀ ਅਤੇ ਦੇਸ਼ ’ਚ ਫੈਡਰਲਿਜ਼ਮ (ਸੰਘਵਾਦ) ਨੂੰ ਸਾਬੋਤਾਜ ਕਰਨ ਦੇ ਕੇਂਦਰ ਸਰਕਾਰ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ।
ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਦਾ ਸਟੈਂਡ ਸਪੱਸ਼ਟ ਹੈ ਕਿ ਇਹ ਗਵਰਨਰਾਂ ਰਾਹੀਂ ਆਪੋਜ਼ੀਸ਼ਨ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ’ਚ ਦਖਲ ਦੇਣ ਲਈ ਕੇਂਦਰ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ ਅਤੇ ਇਸ ਨੇ ਫੈਸਲਾ ਕੀਤਾ ਹੈ ਕਿ ਜਦੋਂ ਵੀ ਦਿੱਲੀ ਬਾਰੇ ਆਰਡੀਨੈਂਸ ਸੰਸਦ ’ਚ ਪੇਸ਼ ਹੋਵੇਗਾ, ਉਸ ਦਾ ਵਿਰੋਧ ਕਰੇਗੀ।
ਵੇਣੂਗੋਪਾਲ ਨੇ ਕਿਹਾਅਸੀਂ ਫੈਡਰਲਿਜ਼ਮ ਨੂੰ ਸਾਬੋਤਾਜ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ। ਅਸੀਂ ਕੇਂਦਰ ਸਰਕਾਰ ਵੱਲੋਂ ਆਪੋਜ਼ੀਸ਼ਨ ਪਾਰਟੀਆਂ ਦੀਆਂ ਰਾਜ ਸਰਕਾਰਾਂ ਨੂੰ ਗਵਰਨਰਾਂ ਰਾਹੀਂ ਚਲਾਉਣ ਦੇ ਰਵੱਈਏ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ। ਸਾਡਾ ਸਟੈਂਡ ਬਿਲਕੁਲ ਸਪੱਸ਼ਟ ਹੈ, ਅਸੀਂ ਦਿੱਲੀ ਆਰਡੀਨੈਂਸ ਦੀ ਹਮਾਇਤ ਨਹੀਂ ਕਰਾਂਗੇ।
ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਸੰਸਦ ਵਿਚ ਪੇਸ਼ ਹੋਣ ਵਾਲੇ ਅਹਿਮ ਮਾਮਲਿਆਂ ’ਤੇ ਫੈਸਲਾ ਕਰਨ ਲਈ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਸਦੀ ਰਣਨੀਤਕ ਕਮੇਟੀ ਦੀ ਮੀਟਿੰਗ ਕਰਦੀ ਹੈ। ਸ਼ਨੀਵਾਰ ਦੀ ਮੀਟਿੰਗ ਵਿਚ ਦਿੱਲੀ ਆਰਡੀਨੈਂਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਉਮੀਦ ਹੈ ਕਿ ਹੁਣ ਆਮ ਆਦਮੀ ਪਾਰਟੀ ਆਪੋਜ਼ੀਸ਼ਨ ਪਾਰਟੀਆਂ ਦੀ ਬੇਂਗਲੁਰੂ ਵਿਚ ਹੋਣ ਜਾ ਰਹੀ ਮੀਟਿੰਗ ’ਚ ਹਿੱਸਾ ਲਏਗੀ।
ਪਿਛਲੇ ਮਹੀਨੇ ਪਟਨਾ ਵਿਚ ਹੋਈ ਆਪੋਜ਼ੀਸ਼ਨ ਪਾਰਟੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ‘ਆਪ’ ਨੇ ਕਿਹਾ ਸੀ ਕਿ ਜੇ ਕਾਂਗਰਸ ਨੇ ਦਿੱਲੀ ਆਰਡੀਨੈਂਸ ਦਾ ਵਿਰੋਧ ਕਰਨ ਦਾ ਐਲਾਨ ਨਾ ਕੀਤਾ ਤਾਂ ਉਹ ਸੋਚੇਗੀ ਕਿ ਅਗਲੀ ਮੀਟਿੰਗ ਵਿਚ ਸ਼ਾਮਲ ਹੋਣਾ ਕਿ ਨਹੀਂ।
ਕਾਂਗਰਸ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਂਸਦ ਤੇ ਬੁਲਾਰੇ ਰਾਘਵ ਚੱਢਾ ਨੇ ਟਵੀਟ ਕੀਤਾ ਹੈਕਾਂਗਰਸ ਨੇ ਦਿੱਲੀ ਆਰਡੀਨੈਂਸ ਦੇ ਵਿਰੋਧ ਦਾ ਸਪੱਸ਼ਟ ਐਲਾਨ ਕੀਤਾ ਹੈ। ਇਹ ਉਸਾਰੂ ਘਟਨਾ ਹੈ।
ਇਸੇ ਦੌਰਾਨ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੱਢਾ ਨੇ ਕਿਹਾ‘ਆਪ’ 17-18 ਜੁਲਾਈ ਨੂੰ ਬੈਂਗਲੁਰੂ ਵਿਚ ਆਪੋਜ਼ੀਸ਼ਨ ਪਾਰਟੀਆਂ ਦੀ ਮੀਟਿੰਗ ’ਚ ਸ਼ਾਮਲ ਹੋਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਵਿਚ ਕੇਜਰੀਵਾਲ ਤੋਂ ਇਲਾਵਾ ਚੱਢਾ, ਗੋਪਾਲ ਰਾਇ ਤੇ ਆਤਿਸ਼ੀ ਸ਼ਾਮਲ ਹੋਏ। ਬੈਂਗਲੁਰੂ ਮੀਟਿੰਗ ਵਿਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ।




