ਦਸ ਰੁਪਏ ਪਿੱਛੇ ਦੁਕਾਨਦਾਰ ’ਤੇ ਤਲਵਾਰਾਂ ਨਾਲ ਹਮਲਾ

0
243

ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਪਾਤੜਾਂ ਸ਼ਹਿਰ ਵਿਚ ਸਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸ਼ਨੀਵਾਰ ਤੜਕਸਾਰ ਸਹਿਰ ਦੇ ਜਾਖਲ ਰੋਡ ਉੱਤੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੀ ਦੁਕਾਨ ’ਤੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਭਰਾਵਾਉਣ ਆਏ ਵਿਅਕਤੀ ਤੋਂ ਹਵਾ ਪਾਉਣ ਬਦਲੇ ਦੁਕਾਨਦਾਰ ਵੱਲੋਂ ਦਸ ਰੁਪਏ ਮੰਗੇ ਜਾਣ ’ਤੇ ਹੋਈ ਤਕਰਾਰਬਾਜ਼ੀ ਮਗਰੋਂ ਉਕਤ ਵਿਅਕਤੀ ਨੇ ਆਪਣੇ ਦਰਜਨ ਦੇ ਕਰੀਬ ਸਾਥੀ ਬੁਲਾ ਕੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੁਕਾਨਦਾਰ ਸਮੇਤ ਉਸ ਦੇ ਤਿੰਨ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਿੰਨੀ ਕਮਿਊਨਿਟੀ ਹੈੱਲਥ ਸੈਂਟਰ ਪਾਤੜਾਂ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਗੰਭੀਰ ਹਾਲਤ ਦੇਖਦਿਆਂ ਪਟਿਆਲਾ ਭੇਜ ਦਿੱਤਾ ਗਿਆ। ਘਟਨਾ ਤਾਂ ਪਤਾ ਲੱਗਦਿਆਂ ਹੀ ਸਿਟੀ ਪੁਲਸ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿੱਚ ਜ਼ੇਰੇ ਇਲਾਜ ਵਰਮਾ ਟਾਇਰ ਵਰਕਸ ਦੇ ਮਾਲਕ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਦੇ ਪੁੱਤਰ ਨੇ ਸਵੇਰੇ ਹਾਲੇ ਦੁਕਾਨ ਖੋਲ੍ਹੀ ਹੀ ਸੀ ਕਿ ਇੱਕ ਵਿਅਕਤੀ ਮੋਟਰਸਾਇਕਲ ਦੇ ਟਾਇਰ ’ਚ ਹਵਾ ਪਾਉਣ ਲਈ ਆਇਆ। ਹਵਾ ਪਾਉਣ ਉਪਰੰਤ ਜਦੋਂ ਉਸ ਦੇ ਪੁੱਤਰ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਪੈਸੇ ਦੇਣ ਤੋਂ ਇਨਕਾਰੀ ਹੋ ਗਿਆ। ਬਹਿਸਬਾਜ਼ੀ ਮਗਰੋਂ ਉਸ ਨੇ ਪੈਸੇ ਦੇ ਦਿੱਤੇ, ਪਰ ਕੁਝ ਸਮੇਂ ਬਾਅਦ ਉਸ ਨੇ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਸਮੇਤ ਤਲਵਾਰਾਂ ਨਾਲ ਲੈਸ ਹੋ ਕੇ ਦੁਕਾਨ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪ੍ਰਕਾਸ਼ ਸਿੰਘ, ਉਸ ਦੇ ਪੁੱਤਰ ਹਰਵਿੰਦਰ ਸਿੰਘ ਟਿੰਕੂ, ਜਸਵਿੰਦਰ ਸਿੰਘ ਸੋਨੂੰ ਅਤੇ ਸੁਖਵਿੰਦਰ ਸਿੰਘ ਰਾਜੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਚੌਕੀ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਹਮਲਾਵਾਰਾਂ ਵਿੱਚੋਂ ਦੋ ਦੀ ਪਛਾਣ ਹੋ ਚੁੱਕੀ ਹੈ। ਦੂਜੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪੁਲਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵਿੱਚ ਲੱਗੀ ਹੋਈ ਹੈ।

LEAVE A REPLY

Please enter your comment!
Please enter your name here