ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਇਹ ਚੰਗੀ ਖ਼ਬਰ ਹੈ, ਸਾਰਿਆਂ ਦੇ ਸਹਿਯੋਗ ਨਾਲ ਨਵੀਂ ਦਿੱਲੀ ਜੀ-20 ਸਾਂਝੇ ਐਲਾਨਨਾਮੇ ‘ਤੇ ਸਹਿਮਤੀ ਬਣ ਗਈ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਇਹ ਮੇਰਾ ਪ੍ਰਸਤਾਵ ਹੈ ਕਿ ਇਸ ਜੀ-20 ਐਲਾਨਨਾਮੇ ਨੂੰ ਅਪਣਾਇਆ ਜਾਵੇ |’ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਮੋਦੀ ਨੇ ਐਲਾਨ ਕੀਤਾ ਕਿ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ | ਉਨ੍ਹਾ ਇਸ ਮੌਕੇ ਕਿਹਾ—ਮੈਂ ਸਾਂਝੇ ਐਲਾਨ ਨੂੰ ਸੰਭਵ ਬਣਾਉਣ ਲਈ ਸਖਤ ਮਿਹਨਤ ਕਰਨ ਲਈ ਜੀ-20 ਸ਼ੇਰਪਾ, ਮੰਤਰੀਆਂ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ | 9 ਸਤੰਬਰ ਸ਼ਨੀਵਾਰ ਜਦ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ ਤਾਂ ਸਵੇਰੇ ਸਾਢੇ ਦਸ ਤੋਂ ਦੁਪਹਿਰ ਡੇਢ ਵਜੇ ਤੱਕ ਪਹਿਲਾ ਸੈਸ਼ਨ ‘ਵਨ ਅਰਥ’ ‘ਤੇ ਆਯੋਜਿਤ ਕੀਤਾ ਗਿਆ | ਇਸ ਤੋਂ ਬਾਅਦ ‘ਵਨ ਫੈਮਲੀ’ ‘ਤੇ ਦੂਸਰਾ ਸੈਸ਼ਨ ਦੁਪਹਿਰ 3 ਵਜੇ ਸ਼ੁਰੂ ਹੋਇਆ, ਜੋ 5 ਵਜੇ ਤੱਕ ਚੱਲਿਆ | ਇਸ ਐਲਾਨਨਾਮੇ ‘ਚ ਮਜ਼ਬੂਤ ਟਿਕਾਊ, ਸੰਤੁਲਿਤ ਅਤੇ ਭਵਿੱਖੀ ਵਿਕਾਸ, ਐੱਸ ਡੀ ਜੀ ‘ਤੇ ਪ੍ਰਗਤੀ ‘ਚ ਤੇਜ਼ੀ ਲਿਆਉਣਾ, ਇੱਕ ਧਰਤੀ, ਇੱਕ ਪਰਵਾਰ, ਇੱਕ ਭਵਿੱਖ ‘ਤੇ ਜ਼ੋਰ ਦਿੱਤਾ ਜਾਵੇਗਾ, ਸਾਰੇ ਦੇਸ਼ਾਂ ਨੂੰ ਯੂ ਐੱਨ ਚਾਰਟਰ ਦੇ ਨਿਯਮਾਂ ਮੁਤਾਬਕ ਕੰਮ ਕਰਨਾ ਚਾਹੀਦਾ ਹੈ, ਗ੍ਰੀਨ ਲਾਅ ਕਾਰਬਨ ਐਨਰਜੀ ਟੈਕਨਾਲੋਜੀ ‘ਤੇ ਕੰਮ ਕੀਤਾ ਜਾਵੇਗਾ, 21ਵੀਂ ਸਦੀ ਲਈ ਬਹੁਪੱਖੀ ਸੰਸਥਾਵਾਂ, ਤਕਨੀਕੀ ਪਰਿਵਰਤਨ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਇੰਟਰਨੈਸ਼ਨਲ ਟੈਕਸੇਸ਼ਨ, ਿਲੰਗ ਸਮਾਨਤਾ ਅਤੇ ਸਾਰੀਆਂ ਔਰਤਾਂ, ਲੜਕੀਆਂ ਨੂੰ ਸਸ਼ਕਤੀਕਰਨ ਬਣਾਉਣਾ, ਵਿੱਤੀ ਖੇਤਰ ਦੇ ਮੁੱਦੇ, ਅੱਤਵਾਦ, ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨਾ, ਦੁਨੀਆ ‘ਚ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸ਼ਹਿਰਾਂ ਨੂੰ ਫੰਡ ਦਿੱਤਾ ਜਾਵੇਗਾ, ਸਾਰੇ ਦੇਸ਼ਾਂ ਨੇ ਅੱਤਵਾਦ ਦੇ ਹਰ ਰੂਪ ਦੀ ਆਲੋਚਨਾ ਕੀਤੀ |
ਇਸ ਤੋ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਆਗਤੀ ਭਾਸ਼ਨ ਦੇ ਨਾਲ ਹੀ ਇਥੇ ਜੀ-20 ਸਿਖਰ ਸੰਮੇਲਨ ਸ਼ੁਰੂ ਹੋ ਗਿਆ | ਮੋਦੀ ਨੇ ਸਵੇਰੇ ਜੀ-20 ਸੰਮੇਲਨ ਦੇ ਸਥਾਨ ‘ਭਾਰਤ ਮੰਡਪਮ’ ‘ਚ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ | ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟਾਰੇਜ, ਅੰਤਰਰਾਸ਼ਟਰੀ ਮੁਦਰਾ ਫੰਡ (ਆਈ ਐੱਮ ਐੱਫ) ਦੀ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਪਰਸਨ ਕਿ੍ਸਟਾਲੀਨਾ ਜਾਰਜੀਵਾ ਅਤੇ ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੇ ਡਾਇਰੈਕਟਰ ਜਨਰਲ ਨਗੋਜੀ ਓਕੋਨਜੋ ਇਵੇਲਾ ਸਥਾਨ ‘ਤੇ ਪਹੁੰਚਣ ਵਾਲੇ ਸਭ ਤੋਂ ਪਹਿਲੇ ਸਨ | ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਪ੍ਰਗਤੀ ਮੈਦਾਨ ਵਿੱਚ ਨਵੇਂ ਬਣੇ ਸੰਮੇਲਨ ਸਥਾਨ ‘ਤੇ ਪਹੁੰਚੀ | 13ਵੀਂ ਸਦੀ ਦੀ ਮਸ਼ਹੂਰ ਕਲਾਕਿ੍ਤੀ ਕੋਨਾਰਕ ਚੱਕਰ ਦਾ ਪ੍ਰਤੀਰੂਪ ਉਸ ਜਗ੍ਹਾ ਦੇ ਬਿਲਕੁਲ ਪਿੱਛੇ ਸਥਾਪਤ ਕੀਤਾ ਗਿਆ, ਜਿੱਥੇ ਮੋਦੀ ਨੇ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ | ਇਹ ਚੱਕਰ ਸਮੇਂ, ਤਰੱਕੀ ਅਤੇ ਨਿਰੰਤਰ ਤਬਦੀਲੀ ਦਾ ਪ੍ਰਤੀਕ ਹੈ |
ਇਸ ਤੋਂ ਪਹਿਲਾਂ ਸਵੇਰੇ ਜੀ-20 ਸੰਮੇਲਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਮੰਡਪਮ ‘ਚ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰਧਾਨ ਮੰਤਰੀ ਨੇ ਆਪਣੇ ਉਦਘਾਟਨ ‘ਚ ਮੋਰੱਕੋ ਵਿਖੇ ਭੁਚਾਲ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾ ਕਿਹਾ ਕਿ ਦੁੱਖ ਦੀ ਘੜੀ ‘ਚ ਅਸੀਂ ਮੋਰੱਕੋ ਦੇ ਨਾਲ ਹਾਂ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰਾਂਗੇ | ਉਦਘਾਟਨੀ ਸੈਸ਼ਨ ‘ਚ ਪ੍ਰਧਾਨ ਮੰਤਰੀ ਨੇ ਅਫਰੀਕੀ ਯੂਨੀਅਨ ਨੂੰ ਜੀ-20 ਦਾ ਪੱਕਾ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ | ਬਤੌਰ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਸ ਨੂੰ ਪਾਸ ਕੀਤਾ, ਅਫ਼ਰੀਕਨ ਯੂਨੀਅਨ ਦੇ ਮੁਖੀ ਅਜਾਲੀ ਅਸੋਮਾਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਲਾ ਲਿਆ | ਅਫਰੀਕਨ ਯੂਨੀਅਨ ਨੂੰ ਜੀ-20 ‘ਚ ਸ਼ਾਮਲ ਕਰਨ ਲਈ ਚੀਨ ਅਤੇ ਯੂਰਪੀਅਨ ਯੂਨੀਅਨ ਨੇ ਵੀ ਭਾਰਤ ਦਾ ਸਮਰਥਨ ਕੀਤਾ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਵਿਸ਼ਵ ‘ਚ ਵਿਸ਼ਵਾਸ ਦਾ ਸੰਕਟ ਪੈਦਾ ਹੋ ਗਿਆ ਹੈ | ਯੂਕਰੇਨ ਯੁੱਧ ਨੇ ਇਸ ਸੰਕਟ ਨੂੰ ਹੋਰ ਗਹਿਰਾ ਕਰ ਦਿੱਤਾ ਹੈ | ਜਦ ਅਸੀਂ ਕੋਰੋਨਾ ਨੂੰ ਹਰਾ ਸਕਦੇ ਹਾਂ ਤਾਂ ਆਪਸੀ ਚਰਚਾ ਨਾਲ ਵਿਸ਼ਵਾਸ ਦੇ ਇਸ ਸੰਕਟ ਨੂੰ ਵੀ ਦੂਰ ਕਰ ਸਕਦੇ ਹਾਂ | ਇਹ ਸਾਰਿਆਂ ਦੇ ਨਾਲ ਮਿਲ ਕੇ ਚੱਲਣ ਦਾ ਸਮਾਂ ਹੈ | ਇਹ ਉਹ ਸਮਾਂ ਹੈ, ਜਦ ਸਾਲਾਂ ਪੁਰਾਣੀਆਂ ਚੁਣੌਤੀਆਂ ਸਾਡੇ ਤੋਂ ਨਵੇਂ ਹੱਲ ਮੰਗ ਰਹੀਆਂ ਹਨ | ਉਨ੍ਹਾ ਕਿਹਾ, ”ਇਹ ਸਾਡੇ ਸਾਰਿਆਂ ਲਈ ਇੱਕ ਸਾਥ ਅੱਗੇ ਵਧਣ ਦਾ ਸਮਾਂ ਹੈ | ਇਸ ਵਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦਾ ਮੰਤਰ ਸਾਡੇ ਲਈ ਮਾਰਗ-ਦਰਸ਼ਕ ਬਣ ਸਕਦਾ ਹੈ | ਚਾਹੇ ਉਹ ਉੱਤਰ ਅਤੇ ਦੱਖਣ ਵਿਚਾਲੇ ਵੰਡ ਹੋਵੇ, ਪੂਰਬ ਅਤੇ ਪੱਛਮ ਵਿਚਾਲੇ ਦੂਰੀ ਹੋਵੇ, ਭੋਜਨ ਅਤੇ ਤੇਲ ਦਾ ਪ੍ਰਬੰਧ, ਅੱਤਵਾਦ, ਸਾਈਬਰ ਸੁਰੱਖਿਆ, ਸਿਹਤ, ਊਰਜਾ ਜਾਂ ਪਾਣੀ ਦੀ ਸੁਰੱਖਿਆ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਠੋਸ ਹੱਲ ਲੱਭਣੇ ਪੈਣਗੇ |” ਇਸ ਲਈ ਸਾਨੂੰ ਮਨੁੱਖੀ ਸ਼ਾਂਤੀ ਦਿ੍ਸ਼ਟੀਕੋਣ ਦੇ ਨਾਲ ਆਪਣੇ ਹਰ ਅਧਿਕਾਰ ਨੂੰ ਨਿਭਾਉਂਦੇ ਹੋਏ ਅੱਗੇ ਵਧਣਾ ਹੈ | ਪ੍ਰਧਾਨ ਮੰਤਰੀ ਨੇ ਕਿਹਾ—ਅੱਜ ਅਸੀਂ ਜਿਸ ਜਗ੍ਹਾ ਇਕੱਠੇ ਹੋਏ ਹਾਂ, ਇੱਥੋਂ ਕੁਝ ਕਿਲੋਮੀਟਰ ਦੂਰ ਢਾਈ ਹਜ਼ਾਰ ਸਾਲ ਪੁਰਾਣਾ ਸਤੰਭ ਹੈ | ਇਸ ‘ਤੇ ਕੁਦਰਤੀ ਭਾਸ਼ਾ ‘ਚ ਲਿਖਿਆ ਹੈ ਕਿ ਮਾਨਵਤਾ ਦਾ ਕਲਿਆਣ ਸਦਾ ਨਿਸਚਿਤ ਕੀਤਾ ਜਾਵੇ | ਢਾਈ ਹਜ਼ਾਰ ਸਾਲ ਪਹਿਲਾਂ ਭਾਰਤ ਦੀ ਧਰਤੀ ਨੇ ਇਹ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਸੀ | 21ਵੀਂ ਸਦੀ ਦਾ ਇਹ ਸਮਾਂ ਪੂਰੀ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੈ |





