ਰਾਏਪੁਰ : ਅੱਜ ਯੂਟਿਊਬ ਲੱਖਾਂ ਲੋਕਾਂ ਦੀ ਕਮਾਈ ਦਾ ਜ਼ਰੀਆ ਬਣ ਰਿਹਾ ਹੈ। ਇੱਥੋਂ ਲੋਕ ਨਾ ਸਿਰਫ਼ ਕਮਾਈ ਕਰ ਰਹੇ ਹਨ, ਬਲਕਿ ਮਸ਼ਹੂਰ ਵੀ ਹੋ ਰਹੇ ਹਨ। ਅੱਜ ਦੁਨੀਆ ’ਚ ਛੱਤੀਸਗੜ੍ਹ ਦੇ ਤੁਲਸੀ ਨਾਂਅ ਦਾ ਪਿੰਡ ਇਸ ਲਈ ਮਸ਼ਹੂਰ ਹੈ ਕਿ ਇਸ ਪਿੰਡ ਦੇ ਲੋਕਾਂ ਯੂਟਿਊਬ ’ਤੇ ਆਪਣੀਆਂ ਵੀਡੀਓ ਪਾ ਕੇ ਆਪਣੇ-ਆਪ ਦੇ ਨਾਲ-ਨਾਲ ਪਿੰਡ ਨੂੰ ਵੀ ਮਸ਼ਹੂਰ ਕਰ ਦਿੱਤਾ ਹੈ। ਹੁਣ ਇਸ ਪਿੰਡ ਨੂੰ ਯੂਟਿਊਬਰ ਦੇ ਪਿੰਡ ਵਾਲਿਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇੱਥੇ ਇੱਕ, ਦੋ ਜਾਂ ਇੱਕ ਦਰਜਨ ਨਹੀਂ, ਬਲਕਿ 1100 ਤੋਂ ਵੀ ਜ਼ਿਆਦਾ ਯੂਟਿਊਬਰ ਹਨ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 45 ਕਿਲੋਮੀਟਰ ਦੂਰ ਸਥਿਤ ਤੁਲਸੀ ਪਿੰਡ ਦੀ ਆਬਾਦੀ ਸਿਰਫ਼ 6000 ਹੈ। ਇਸ ਪਿੰਡ ਦੇ ਯੂਟਿਊਬਰਾਂ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਰਾਏਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਲਸੀ ਪਿੰਡ ’ਚ ਆਧੁਨਿਕ ਉਪਕਰਨਾਂ ਨਾਲ ਲੈਸ ਇੱਕ ਸਟੂਡੀਓ ਸਥਾਪਤ ਕਰ ਦਿੱਤਾ ਹੈ, ਜਿਸ ਨੂੰ ‘ਹਮਾਰ ਫਲਿਕਸ’ ਦਾ ਨਾਂਅ ਦਿੱਤਾ ਗਿਆ ਹੈ। ਤੁਲਸੀ ਪਿੰਡ ਦੇ ਲੋਕ ਨਵੀਂਆਂ ਬੁਲੰਦੀਆਂ ’ਤੇ ਪਹੁੰਚੇ ਹਨ। ਇਸ ਪਿੰਡ ’ਚ 1100 ਤੋਂ ਜ਼ਿਆਦਾ ਯੂਟਿਊਬਰ ਹਨ, ਇੱਥੋਂ ਦੇ ਲੋਕਾਂ ਨੇ ਕਈ ਯੂਟਿਊਬ ਚੈਨਲ ਬਣਾਏ ਹਨ। ਇੱਥੇ ਹਰ ਘਰ ’ਚ ਯੂਟਿਊੁਬਰ ਦੇਖਣ ਨੂੰ ਮਿਲਦਾ ਹੈ। ਪਿੰਡ ’ਚ 85 ਸਾਲ ਦੀ ਨਾਨੀ ਹੋਵੇ ਜਾਂ ਫਿਰ 5 ਸਾਲ ਦਾ ਪੋਤਾ, ਸਾਰੇ ਯੂਟਿਊਬ ਲਈ ਵੀਡੀਓ ਬਣਾਉਂਦੇ ਹਨ। ਹੁਣ ਜ਼ਿਲ੍ਹਾ ਪ੍ਰਸ਼ਾਸਨ ਇਸੇ ਤਰਜ਼ ’ਤੇ ਹੋਰ ਪਿੰਡਾਂ ’ਚ ਵੀ ਇਸ ਤਰ੍ਹਾਂ ਦੇ ਸਟੂਡੀਓ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਿੰਡ ’ਚ ਵੱਖ-ਵੱਖ ਉਮਰ ਵਰਗ ਦੇ ਵੱਡੀ ਗਿਣਤੀ ’ਚ ਯੂਟਿਊਬਰ ਰਹਿੰਦੇ ਹਨ, ਜੋ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬਹੁਤ ਸਰਗਰਮ ਹਨ।