ਚੰਡੀਗੜ੍ਹ (ਕਿ੍ਰਸ਼ਨ ਗਰਗ)
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹ ਕਿ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਤ ਕਰਨ ਦਾ ਬੀੜਾ ਚੁੱਕਿਆ ਹੈ। ਹੁਣ ਤੱਕ ਸੂਬੇ ਵਿਚ 9 ਨਵੇਂ ਮੈਡੀਕਲ ਕਾਲਜ ਖੋਲੇ੍ਹ ਜਾ ਚੁੱਕੇ ਹਨ। 2014 ਤੋਂ ਪਹਿਲਾਂ ਸੂਬੇ ਵਿਚ ਸਿਰਫ 6 ਹੀ ਮੈਡੀਕਲ ਕਾਲਜ ਸਨ। ਸੂਬੇ ਵਿਚ ਹੁਣ ਮੈਡੀਕਲ ਕਾਲਜਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਇਸੇ ਲੜੀ ਵਿਚ ਵੀਰਵਾਰ ਸਿਰਸਾ ਦੇ ਸੰਤ ਸਰਸਾਈ ਨਾਥ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕੰਮ ਦਾ ਭੂਮੀ ਪੂਜਨ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮੈਡੀਕਲ ਕਾਲਜ ਵਿਚ ਕੈਂਸਰ ਦੇ ਇਲਾਜ ਲਈ ਵੱਖਰਾ ਵਿੰਗ ਵੀ ਸ਼ੁਰੂ ਕੀਤਾ ਜਾਵੇਗਾ। ਇਸ ਲਈ ਨਾਲ ਲੱਗਦੀ ਸਾਢੇ ਪੰਜ ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾ ਕਿਹਾ ਕਿ 21 ਏਕੜ ’ਤੇ ਬਣਨ ਵਾਲੇ ਇਸ ਮੈਡੀਕਲ ਕਾਲਜ ’ਤੇ ਲਗਭਗ 1010 ਕਰੋੜ 37 ਲੱਖ ਰੁਪਏ ਖਰਚ ਹੋਣਗੇ। ਇਹ ਕਾਲਜ ਦੋ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ।


