17.1 C
Jalandhar
Thursday, November 21, 2024
spot_img

ਹਾਕੀ ਵਾਲੀਆਂ ਕੁੜੀਆਂ

ਭਾਰਤੀ ਮਹਿਲਾ ਹਾਕੀ ਟੀਮ ਨੇ ਬਿਹਾਰ ਦੇ ਰਾਜਗੀਰ ’ਚ ਬੁੱਧਵਾਰ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ। ਇਹ ਜਿੱਤ ਇਸ ਪੱਖੋਂ ਅਹਿਮ ਹੈ ਕਿ ਚੀਨ ਨੇ ਪੈਰਿਸ ਉਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦਕਿ ਭਾਰਤ ਦਾ ਦਰਜਾ ਕਾਫੀ ਹੇਠਾਂ ਹੈ। ਹਾਲਾਂਕਿ ਭਾਰਤ ਪਿਛਲੀ ਵਾਰ ਵੀ ਚੈਂਪੀਅਨ ਬਣਿਆ ਸੀ, ਪਰ ਵਿਦੇਸ਼ੀ ਕੋਚ ਜੈਨੇਕੇ ਸ਼ੌਪਮੈਨ ਦੇ ਛੱਡ ਜਾਣ ਤੋਂ ਬਾਅਦ ਟੀਮ ਦੀ ਪੁਜ਼ੀਸ਼ਨ ਬੜੀ ਅਜੀਬੋ-ਗਰੀਬ ਬਣ ਗਈ ਸੀ। ਵੱਖ-ਵੱਖ ਮੁਕਾਬਲਿਆਂ ਵਿੱਚ ਲਗਾਤਾਰ ਅੱਠ ਹਾਰਾਂ ਨਾਲ ਖਿਡਾਰਨਾਂ ਦਾ ਮਨੋਬਲ ਡਿੱਗਿਆ ਹੋਇਆ ਸੀ। ਟੀਮ ਨੂੰ ਮੁੜ ਕੋਚ ਹਰਿੰਦਰ ਸਿੰਘ ਹਵਾਲੇ ਕੀਤਾ ਗਿਆ। ਪਹਿਲਾਂ ਕੁੜੀਆਂ ਸ਼ੌਪਮੈਨ ਦੇ ਸਟਾਈਲ ਨਾਲ ਖੇਡਦੀਆਂ ਸਨ ਤੇ ਹਰਿੰਦਰ ਸਿੰਘ ਨੂੰ ਥੋੜ੍ਹੇ ਸਮੇਂ ਵਿੱਚ ਟੀਮ ਨੂੰ ਨਵੇਂ ਸਟਾਈਲ ’ਚ ਢਾਲਣਾ ਪਿਆ। ਚੀਨ ਤੇ ਜਾਪਾਨ ਦੀਆਂ ਟੀਮਾਂ ਪੈਰਿਸ ਉਲੰਪਿਕ ਖੇਡ ਚੁੱਕੀਆਂ ਸਨ। 2026 ਦੇ ਵਿਸ਼ਵ ਕੱਪ ਤੇ 2028 ਦੀ ਲਾਸ ਏਂਜਲਜ਼ ਉਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਚੰਗਾ ਪ੍ਰਦਰਸ਼ਨ ਕਰਨਾ ਕੋਚ ਤੇ ਟੀਮ ਲਈ ਜ਼ਰੂਰੀ ਸੀ। ਹਰਿੰਦਰ ਸਿੰਘ ਨੇ ਕੁੜੀਆਂ ਨੂੰ ਸਮਝਾਇਆ ਕਿ ਇਹ ਨਾ ਸੋਚੋ ਕਿ ਹੋਰ ਟੀਮਾਂ ਕਿੰਨੀਆਂ ਤਕੜੀਆਂ ਹਨ, ਤੁਸੀਂ ਆਪਣੀ ਖੇਡ ’ਤੇ ਕੇਂਦਰਤ ਰਹੋ ਤੇ ਆਪਣੇ ਟੀਚੇ ਤੈਅ ਕਰੋ। ਹਰਿੰਦਰ ਨੂੰ ਟੀਮ ਤਿਆਰ ਕਰਨ ਲਈ ਕੁਝ ਹਫਤੇ ਹੀ ਮਿਲੇ ਸਨ। ਭਾਰਤ ਨੇ ਟੂਰਨਾਮੈਂਟ ਦੀ ਸ਼ੁਰੂਆਤ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਕੀਤੀ। ਟੂਰਨਾਮੈਂਟ ਦੇ ਵਧਣ ਦੇ ਨਾਲ-ਨਾਲ ਟੀਮ ਖੇਡ ਵਿੱਚ ਨਿਖਾਰ ਲਿਆਉਦੀ ਗਈ, ਖਿਡਾਰਨਾਂ ਵਿਚਾਲੇ ਆਪਸੀ ਸਮਝ ਵਧਦੀ ਗਈ। ਟੀਮ ਨੇ ਥਾਈਲੈਂਡ ਨੂੰ 15-0 ਨਾਲ ਹਰਾਇਆ। ਹੰਢੀ ਹੋਈ ਵੰਦਨਾ ਕਟਾਰੀਆ ਟੀਮ ਵਿੱਚ ਨਹੀਂ ਸੀ। ਘੱਟ ਤਜਰਬੇਕਾਰ ਕੁੜੀਆਂ ’ਤੇ ਹੀ ਸਾਰਾ ਦਾਰੋਮਦਾਰ ਸੀ। ਟੀਮ ਦੀ ਔਸਤ ਉਮਰ ਸਾਢੇ ਇੱਕੀ ਸਾਲ ਸੀ। ਹਮਲਾਵਰ ਪੰਕਤੀ ਵਿੱਚ ਸੰਗੀਤਾ ਕੁਮਾਰੀ, ਦੀਪਿਕਾ ਤੇ ਬਿਊਟੀ ਡੰਗ ਡੰਗ ਵਰਗੀਆਂ ਨੌਜਵਾਨ ਕੁੜੀਆਂ ਹੀ ਸਨ। ਇਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੀਨ ਖਿਲਾਫ ਜੇਤੂ ਗੋਲ ਕਰਨ ਵਾਲੀ ਦੀਪਿਕਾ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 11 ਗੋਲ ਦਾਗੇ। ਮਿਡ ਫੀਲਡਰਾਂ ਤੇ ਡਿਫੈਂਡਰਾਂ ਨੇ ਵੀ ਜੋਸ਼ੀਲੀ ਖੇਡ ਖੇਡੀ ਤੇ ਟੀਮ ਨੇ ਲੀਗ ਸਟੇਜ ਵਿੱਚ ਸਿਰਫ ਦੋ ਗੋਲ ਹੀ ਖਾਧੇ। ਟੀਮ ਦੀ ਕਾਮਯਾਬੀ ਵਿੱਚ ਕੋਚ ਵੱਲੋਂ ਬਣਾਏ ਗਏ ਵਧੀਆ ਮਾਹੌਲ ਨੇ ਬਹੁਤ ਰੋਲ ਨਿਭਾਇਆ। ਖਿਡਾਰਨਾਂ ਨੇ ਖੁਦ ਕਿਹਾ ਕਿ ਉਨ੍ਹਾਂ ਦੀ ਦਿਮਾਗੀ ਤੇ ਸਰੀਰਕ ਫਿਟਨੈੱਸ ’ਚ ਕਾਫੀ ਸੁਧਾਰ ਹੋਇਆ। 22 ਸਾਲ ਦੀ ਉਮਰ ਵਿੱਚ ਕਪਤਾਨੀ ਕਰਨ ਵਾਲੀ ਸਲੀਮਾ ਟੇਟੇ ਨੇ ਕਿਹਾਮੈਚ ਤੋਂ ਪਹਿਲਾਂ ਡਰੈਸਿੰਗ ਰੂਮ ’ਚ ਹਾਂ-ਪੱਖੀ ਮਾਹੌਲ ਹੁੰਦਾ ਸੀ। ਟੀਮ ਦੇ ਪ੍ਰਦਰਸ਼ਨ ਵਿੱਚ ਇਸ ਮਾਹੌਲ ਨੇ ਬਹੁਤ ਮਦਦ ਕੀਤੀ। ਸੰਗੀਤਾ ਨੇ ਕਿਹਾ ਕਿ ਮੈਦਾਨ ਵਿੱਚ ਉੱਤਰਦਿਆਂ ‘ਗੋਲ ਦੀ ਭੁੱਖ’ ਲੱਗ ਜਾਂਦੀ ਸੀ। ਅੱਗੇ ਹਾਕੀ ਇੰਡੀਆ ਲੀਗ ਸ਼ੁਰੂ ਹੋਣ ਵਾਲੀ ਹੈ। ਉਸ ਤੋਂ ਬਾਅਦ ਪੋ੍ਰ ਲੀਗ ਹੋਵੇਗੀ। ਫਿਰ 2026 ਦਾ ਵਿਸ਼ਵ ਕੱਪ ਆਉਣਾ ਹੈ। ਖਿਡਾਰਨਾਂ ਦੀ ਉਮਰ ਬਹੁਤੀ ਨਹੀਂ ਤੇ ਜੇ ਕੋਚ ਹਰਿੰਦਰ ਦੀ ਸੋਚ ਮੁਤਾਬਕ ਚਲਦੀਆਂ ਰਹੀਆਂ ਤਾਂ ਵੱਡੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਹਨ, ਜਿਸ ਦੀਆਂ ਕਿ ਹਾਕੀ ਪ੍ਰੇਮੀ ਬਹੁਤ ਸਾਲਾਂ ਤੋਂ ਆਸਾਂ ਲਾਈ ਬੈਠੇ ਹਨ।

Related Articles

Latest Articles