ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)
ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਆਸਲ ਉਤਾੜ ’ਚ ਮੰਗਣੀ ਸਮਾਗਮ ’ਚ ਪਹੁੰਚੇ ਰਿਸ਼ਤੇਦਾਰ ਵੱਲੋਂ ਡੀ ਜੇ ਗਰੁੱਪ ਦੇ ਨੌਜਵਾਨ ਮੈਂਬਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿ੍ਰਤਕ ਨੌਜਵਾਨ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਅਲਗੋਂ ਕੋਠੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਣੀ ਸਮਾਗਮ ਵਿੱਚ ਸ਼ਾਮਲ ਵਿਅਕਤੀ ਦੀ ਡੀ ਜੇ ਗਰੁੱਪ ਦੇ ਮਿ੍ਰਤਕ ਮੈਂਬਰ ਸੁਰਜੀਤ ਸਿੰਘ ਨਾਲ ਪਰਚੀਆਂ ਨੂੰ ਲੈ ਕੇ ਬਹਿਸ ਹੋਈ ਸੀ ਦੱਸਣਯੋਗ ਹੈ ਕਿ ਮਿ੍ਰਤਕ ਨੌਜਵਾਨ ਗ਼ਰੀਬ ਘਰ ਨਾਲ ਸੰਬੰਧ ਰੱਖਦਾ ਸੀ। ਮਿ੍ਰਤਕ ਨੌਜਵਾਨ ਦੀ ਮਾਤਾ ਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਡੀ ਜੇ ਗਰੁੱਪ ਨਾਲ ਵਿਆਹ ਸਮਾਗਮਾਂ ਵਿੱਚ ਲੋਕਾਂ ਵੱਲੋਂ ਨੱਚਣ ਦੌਰਾਨ ਸੁੱਟੇ ਪੈਸੇ ਚੁੱਕਣ ਦਾ ਕੰਮ ਕਰਦਾ ਸੀ।
ਬੀਤੀ ਰਾਤ ਪਿੰਡ ਆਸਲ ਉਤਾੜ ਵਿਖੇ ਮੰਗਣੀ ਸਮਾਗਮ ਵਿੱਚ ਪਹੁੰਚੇ ਵਿਅਕਤੀ ਨੇ ਪਰਚੀਆਂ ਮੰਗਣ ਨੂੰ ਲੈ ਕੇ ਹੋਈ ਬਹਿਸ ਮਗਰੋਂ ਉਸ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਰਤਕ ਨੌਜਵਾਨ ਦੀ ਮਾਂ ਨੇ ਐੱਸ ਐੱਸ ਪੀ ਤਰਨ ਤਾਰਨ ਨੂੰ ਉਪਰੋਕਤ ਕਾਤਲ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਅਪੀਲ ਕੀਤੀ ਹੈ। ਵਲਟੋਹਾ ਪੁਲਸ ਵੱਲੋਂ ਮਿ੍ਰਤਕ ਨੌਜਵਾਨ ਦੇ ਪਰਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।





