ਨਗੋਆ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਖੇਡਾਂ ਦੇ ਹਾਕੀ ਦੇ ਫਾਈਨਲ ਮੈਚ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਮਗਾ ਜਿੱਤ ਕੇ ਜਿਥੇ ਪਿਛਲੇ 44 ਸਾਲ ਤੋਂ ਚਲਿਆ ਆ ਰਿਹਾ ਸੋਕਾ ਖਤਮ ਕੀਤਾ ਉਥੇ ਨਾਲ ਹੀ ਟੀਮ 2028 ਲਾਸ ਏਾਜਲਸ ਓਲੰਪਿਕ ਲਈ ਕੁਆਲੀਫਾਈ ਕਰ ਗਈ ਹੈ | 1982 ਤੋਂ ਬਾਅਦ ਮਹਿਲਾਵਾਂ ਦਾ ਪਹਿਲਾ ਸੋਨ ਤਗਮਾ ਹੈ | ਭਾਰਤ ਵੱਲੋਂ ਲਾਲਰੇਮਸਿਆਮੀ ਨੇ ਪਹਿਲੇ ਕੁਆਰਟਰ ਵਿੱਚ ਮੈਚ ਦਾ ਇੱਕੋ ਇੱਕ ਗੋਲ ਕੀਤਾ ਤੇੇ ਟੀਮ ਨੇ ਆਖਰੀ ਵਿਸਲ ਵਜਣ ਤੱਕ 1-0 ਦੀ ਲੀਡ ਨੂੰ ਕਾਇਮ ਰਖਿਆ | ਭਾਰਤ ਲਈ ਸ਼ੁੱਕਰਵਾਰ ਦਿਨ ਦਾ ਛੇਵਾਂ ਸੋਨ ਤਗਮਾ ਹੈ | ਇਸ ਦੌਰਾਨ, ਜਪਾਨ ਨੇ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ |
ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਇੱਥੇ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਚੀਨ ਦੀ ਜ਼ੀਈ ਬਾਓ ਨੂੰ ਸ਼ਾਨਦਾਰ ਤਰੀਕੇ ਨਾਲ ਮਾਤ ਦੇ ਕੇ ਭਾਰਤ ਲਈ ਏਸ਼ੀਆਈ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਵਿੱਚ ਸੋਨ ਤਮਗੇ ਦੇ 12 ਸਾਲਾਂ ਤੋਂ ਚੱਲੇ ਆ ਰਹੇ ਸੋਕੇ ਨੂੰ ਖ਼ਤਮ ਕਰ ਦਿੱਤਾ ਹੈ | ਲਵਲੀਨਾ ਨੇ ਚੀਨੀ ਮੁੱਕੇਬਾਜ਼ ‘ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ 5-0 ਦੇ ਪੂਰਨ ਸਰਬਸੰਮਤੀ ਫੈਸਲੇ ਨਾਲ ਜਿੱਤ ਦਰਜ ਕੀਤੀ | ਇਸ ਸੁਨਹਿਰੀ ਜਿੱਤ ਨਾਲ ਲਵਲੀਨਾ ਏਸ਼ੀਆਈ ਖੇਡਾਂ ਦੇ ਮੁੱਕੇਬਾਜ਼ੀ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਮਹਾਨ ਮੁੱਕੇਬਾਜ਼ ਐੱਮ.ਸੀ. ਮੈਰੀਕੌਮ ਤੋਂ ਬਾਅਦ ਭਾਰਤ ਦੀ ਮਹਿਜ਼ ਦੂਜੀ ਮਹਿਲਾ ਮੁੱਕੇਬਾਜ਼ ਬਣ ਗਈ ਹੈ |
ਲਵਲੀਨਾ ਨੇ ਜਿੱਤ ਤੋਂ ਬਾਅਦ ਕਿਹਾ, ”ਅੱਜ ਮੇਰਾ ਜਨਮ ਦਿਨ ਹੈ | ਇਹ ਬਹੁਤ ਖਾਸ ਜਨਮ ਦਿਨ ਹੈ, ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ | ਮੈਂ ਸੋਚਿਆ ਕਿ ਮੈਨੂੰ ਆਪਣੇ ਜਨਮ ਦਿਨ ‘ਤੇ ਇੱਕ ਸੋਨੇ ਦਾ ਤਮਗਾ ਤੋਹਫੇ ਵਜੋਂ ਦੇਣਾ ਪਵੇਗਾ | ਇਹ ਪਹਿਲੀ ਵਾਰ ਹੈ ਜਦੋਂ ਮੈਨੂੰ ਆਪਣੇ ਲਈ ਤੋਹਫਾ ਮਿਲਿਆ ਹੈ | ਮੈਂ ਆਪਣਾ ਸਭ ਕੁਝ ਦਾਅ ‘ਤੇ ਲਾ ਦਿੱਤਾ | ਮੈਂ ਇੱਕ ਪਲ ਲਈ ਵੀ ਨਹੀਂ ਸੋਚਿਆ ਸੀ ਕਿ ਮੈਂ ਹਾਰ ਜਾਵਾਂਗੀ | ਇਹ ਬਹੁਤ ਔਖਾ ਮੁਕਾਬਲਾ ਸੀ | ਪਰ ਮੈਂ ਨਿਰੰਤਰ ਸੋਚਦੀ ਰਹੀ ਕਿ ਜਿੱਤਣਾ ਹੀ ਹੈ | ਆਖਰੀ ਦੌਰ ਬਹੁਤ ਅÏਖਾ ਸੀ | ਮੈਂ ਪਹਿਲੇ ਅਤੇ ਦੂਜੇ ਦੌਰ ਵਿੱਚ 2-1 ਨਾਲ ਜਿੱਤ ਰਹੀ ਸੀ | ਇਸ ਲਈ ਮੈਂ ਸੋਚਿਆ ਕਿ ਮੈਨੂੰ ਸਿਰਫ ਤੀਜਾ ਦੌਰ ਜਿੱਤਣਾ ਪਵੇਗਾ |”
ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ (80 ਕਿਲੋਗ੍ਰਾਮ) ਨੇ ਦੱਖਣੀ ਕੋਰੀਆ ਦੇ ਕਿਮ ਮਿਨਸੇਓਾਗ ਨੂੰ 4-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ | ਪੰਘਾਲ ਆਪਣੇ ਵਿਰੋਧੀ ਮੁੱਕੇਬਾਜ਼ ‘ਤੇ ਪੂਰੀ ਤਰਾਂ ਹਾਵੀ ਰਿਹਾ | ਸੁਜੀਤ ਕਾਲਕਲ ਨੇ ਤਜ਼ਾਕਿਸਤਾਨ ਦੇ ਅਬਦੁਲਮਾਜ਼ੀਦ ਕੁਦੀਏਵ ਨੂੰ ਫਸਵੇਂ ਮੁਕਾਬਲੇ ਵਿਚ 10-9 ਨਾਲ ਹਰਾ ਕੇ ਪੁਰਸ਼ਾਂ ਦੇ ਫਰੀਸਟਾਈਲ 65 ਕਿਲੋਗ੍ਰਾਮ ਵਿੱਚ ਸੋਨ ਤਗਮਾ ਜਿੱਤਿਆ, ਜਦ ਕਿ ਭਾਰਤੀ ਮੁੱਕੇਬਾਜ਼ ਪਰਵੀਨ ਹੁੱਡਾ ਨੇ ਚੀਨੀ ਤਾਈਪੇ ਦੀ ਨੀਨ-ਚਿਨ ਚੇਨ ਨੂੰ 3-2 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਅÏਰਤਾਂ ਦੇ 65 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤਿਆ |
ਤੀਰਅੰਦਾਜ਼ੀ ਮੁਕਾਬਲਿਆਂ ‘ਚ ਦੇਸ਼ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ | ਭਾਰਤ ਦੀ ਮਹਿਲਾ ਰਿਕਵਰ ਟੀਮ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਆਪਣੇ ਨਾਂਅ ਕਰ ਲਿਆ ਹੈ | ਤਜਰਬੇਕਾਰ ਖਿਡਾਰਨ ਅੰਕਿਤਾ ਭਾਕਤ, ਕੀਰਤੀ ਸ਼ਰਮਾ ਅਤੇ 17 ਸਾਲਾ ਕੁਮਕੁਮ ਮੋਹੋਦ ਨੇ ਚੁਣੌਤੀਪੂਰਨ ਹਵਾ ਵਾਲੇ ਹਾਲਾਤ ਵਿੱਚ ਆਪਣੇ ਦਿਮਾਗ ਦਾ ਸੰਤੁਲਨ ਬਣਾਈ ਰੱਖਿਆ ਅਤੇ ਮੌਜੂਦਾ ਚੈਂਪੀਅਨਾਂ ਨੂੰ ਪਛਾੜ ਕੇ ਇੱਕ ਇਤਿਹਾਸਕ ਜਿੱਤ ਦਰਜ ਕੀਤੀ |




