ਗੁਰਦਾਸਪੁਰ (ਜਨਕ ਮਹਾਜਨ, ਦਿਨੇਸ਼ ਕੁਮਾਰ)
ਜ਼ਿਲ੍ਹਾ ਪੁਲਸ ਗੁਰਦਾਸਪੁਰ ਨੂੰ ਸ਼ਨੀਵਾਰ ਵੱਡੀ ਸਫ਼ਲਤਾ ਮਿਲੀ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇੱਕ ਔਰਤ ਸਮੇਤ 6 ਮੁਲਜ਼ਮਾਂ ਨੂੰ 9 ਪਿਸਟਲ, 10 ਮੈਗਜ਼ੀਨ, 35 ਰੌਂਦ, 1.5 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗਿ੍ਰਫ਼ਤਾਰ ਕੀਤਾ। ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ’ਚੋਂ ਇੱਕ ਨੇ 2020 ’ਚ ਸ਼ਿਵ ਸੈਨਾ ਨੇਤਾ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਕੀਤਾ ਸੀ। ਪੁਲਸ ਹੈੱਡ ਕੁਆਰਟਰ ’ਚ ਐੱਸ ਐੱਸ ਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਇਸ ਕਾਮਯਾਬੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਰੋਹ ਦਾ ਮਾਸਟਰ ਮਾੲੀਂਡ ਮਨੀ ਸਿੰਘ ਉਰਫ ਮਾਊ ਨਾਮਕ ਨੌਜਵਾਨ ਨੇ 2020 ਵਿੱਚ ਬਟਾਲਾ ਦੇ ਸ਼ਿਵ ਸੈਨਾ ਆਗੂ ਰਮੇਸ਼ ਨਈਯਰ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਕੀਤਾ ਸੀ, ਜਦਕਿ ਇੱਕ ਹੋਰ ਮੁਲਜ਼ਮ ਉਪਿੰਦਰ ਸਿੰਘ ਖਿਲਾਫ ਨਸ਼ੀਲੇ ਪਦਾਰਥ ਵਿਰੋਧੀ ਐਕਟ ਤਹਿਤ ਛੱਤੀਸਗੜ੍ਹ ’ਚ ਮਾਮਲਾ ਦਰਜ ਹੈ, ਜਿਸ ’ਚ ਉਹ ਭਗੌੜਾ ਚਲਿਆ ਆ ਰਿਹਾ ਹੈ। ਉਨ੍ਹਾ ਦੱਸਿਆ ਕਿ ਇਸ ਸਾਂਝੇ ਪੁਲਸ ਆਪ੍ਰੇਸ਼ਨ ਦੌਰਾਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਮਲਜੀਤ ਸਿੰਘ ਵਾਸੀ ਜੌੜਾ ਜ਼ਿਲ੍ਹਾ ਤਰਨ ਤਾਰਨ, ਉਪਿੰਦਰ ਸਿੰਘ ਵਾਸੀ ਸੱਗੋ ਬੂਰਾ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ ਹਾਲ ਰਾਏਪੁਰ ਵੀਰ ਛੱਤੀਸਗੜ੍ਹ ਅਤੇ ਇੱਕ ਔਰਤ ਪੇਮਾ ਡੋਮਾ ਭੂਟਿਆ ਵੈਸਟ ਬੰਗਾਲ ਦੇ ਤੌਰ ’ਤੇ ਹੋਈ। ਜਦੋਂ ਇਹਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਤਾਂ ਇਹ ਆਪਣੀ ਦੋਸਤ ਪੇਮਾ ਡੋਮਾ ਦਾ ਜਨਮ ਦਿਨ ਮਨਾ ਕੇ ਘਰ ਵਾਪਸ ਆ ਰਹੇ ਸਨ, ਜਿਨ੍ਹਾਂ ਕੋਲੋਂ ਪੁੱਛਗਿੱਛ ਦੇ ਅਧਾਰ ’ਤੇ ਸਾਜ਼ਿਸ਼ਘਾੜਾ ਮਨੀ ਸਿੰਘ ਉਰਫ ਮਾਊ ਵਾਸੀ ਭੰਡਾਰੀ ਮੁਹੱਲਾ ਬਟਾਲਾ, ਮਹਿਤਾਬ ਸਿੰਘ ਜ਼ਿਲ੍ਹਾ ਤਰਨ ਤਾਰਨ ਅਤੇ ਬਲਰਾਜ ਸਿੰਘ ਵਾਸੀ ਭਿੱਖੀਵਿੰਡ ਨੂੰ ਵੀ ਗਿ੍ਰਫਤਾਰ ਕੀਤਾ ਗਿਆ। ਐੱਸ ਐੱਸ ਪੀ ਨੇ ਦੱਸਿਆ ਕਿ ਸਾਰੇ ਕਰਾਇਮਪੇਸ਼ਾ ਵਿਅਕਤੀ ਹਨ, ਜਿਨ੍ਹਾਂ ਦਾ ਬਹੁਤ ਵੱਡਾ ਨੈੱਟਵਰਕ ਹੈ, ਜਿਸ ਦੇ ਅਧਾਰ ’ਤੇ ਸਾਨੂੰ ਹੋਰ ਵੀ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਗਰੋਹ ਦੀ ਜੇਲ੍ਹ ਵਿੱਚ ਇੱਕ ਹੋਰ ਗੈਂਗਸਟਰ ਨਾਲ ਵੀ ਦੁਸ਼ਮਣੀ ਚੱਲਦੀ ਆ ਰਹੀ, ਜਿਸ ਦੇ ਚੱਲਦਿਆਂ ਇਹਨਾਂ ਨੇ ਇਹ ਹਥਿਆਰ ਮਹਾਰਾਸ਼ਟਰ ਤੋਂ ਮੰਗਵਾਏ ਸਨ। ਐੱਸ ਐੱਸ ਪੀ ਨੂੰ ਦੱਸਿਆ ਕਿ ਇਸ ਗਰੋਹ ਦਾ ਮਾਸਟਰ ਮਾਈਂਡ ਬਟਾਲਾ ਵਾਸੀ ਮਨੀ ਸਿੰਘ ਸਾਰੇ ਗਰੋਹ ਦਾ ਨੈੱਟਵਰਕ ਚਲਾਉਦਾ ਹੈ, ਜਿਸ ਦੇ ਉੱਪਰ ਸ਼ਿਵ ਸੈਨਾ ਨੇਤਾ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਦਾ ਮੁਕੱਦਮਾ ਵੀ ਚੱਲ ਰਿਹਾ ਹੈ, ਜਦ ਕਿ ਉਪਿੰਦਰ ਸਿੰਘ ਐੱਨ ਡੀ ਪੀ ਐੱਸ ਐਕਟ ਤਹਿਤ ਛੱਤੀਸਗੜ੍ਹ ’ਚ ਦਰਜ ਹੋਏ ਮਾਮਲੇ ’ਚ ਭਗੌੜਾ ਚੱਲ ਰਿਹਾ ਹੈ।





