ਕਿਸਾਨ ਅੰਦੋਲਨ ਦਰਮਿਆਨ ਭਾਜਪਾ ਨੇ ਹਰਿਆਣਾ ਦਾ ਜਰਨੈਲ ਬਦਲਿਆ

0
188

ਚੰਡੀਗੜ੍ਹ : ਕਿਸਾਨਾਂ ਵਿਚ ਪਾਏ ਜਾ ਰਹੇ ਤਿੱਖੇ ਰੋਹ ਦਰਮਿਆਨ ਭਾਜਪਾ ਨੇ ਮੰਗਲਵਾਰ ਚਾਣਚੱਕ ਮਨੋਹਰ ਲਾਲ ਖੱਟਰ ਨੂੰ ਬਦਲ ਕੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ। ਕੁਰਕਸ਼ੇਤਰ ਤੋਂ ਲੋਕ ਸਭਾ ਮੈਂਬਰ ਸੈਣੀ ਓ ਬੀ ਸੀ ’ਚੋਂ ਆਉਦੇ ਹਨ। ਸ਼ਾਮੀਂ ਸੈਣੀ ਦੇ ਨਾਲ ਕੰਵਰ ਪਾਲ, ਮੂਲ ਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਜੈ ਪ੍ਰਕਾਸ਼ ਦਲਾਲ ਤੇ ਡਾ. ਬਨਵਾਰੀ ਲਾਲ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਹ ਪਹਿਲਾਂ ਵੀ ਖੱਟਰ ਦੀ ਕੈਬਨਿਟ ਵਿਚ ਸਨ। ਰਣਜੀਤ ਸਿੰਘ ਆਜ਼ਾਦ ਵਿਧਾਇਕ ਹਨ। ਇਸ ਘਟਨਾਕ੍ਰਮ ਨਾਲ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਦਾ ਗੱਠਜੋੜ ਟੁੱਟ ਗਿਆ ਹੈ। 90 ਮੈਂਬਰੀ ਅਸੰਬਲੀ ਵਿਚ ਭਾਜਪਾ ਦੇ 41 ਤੇ ਜਜਪਾ ਦੇ 10 ਵਿਧਾਇਕ ਹਨ। ਆਪੋਜ਼ੀਸ਼ਨ ਕਾਂਗਰਸ ਦੇ 30 ਵਿਧਾਇਕ ਹਨ। 7 ਆਜ਼ਾਦ ਵਿਧਾਇਕ ਅਤੇ ਇੱਕ-ਇੱਕ ਵਿਧਾਇਕ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤੇ ਹਰਿਆਣਾ ਲੋਕਹਿਤ ਪਾਰਟੀ ਦੇ ਹਨ। ਗੱਠਜੋੜ ਟੁੱਟਣ ਦੇ ਬਾਵਜੂਦ ਭਾਜਪਾ ਸਰਕਾਰ ਨੂੰ ਕੋਈ ਖਤਰਾ ਨਹੀਂ। ਜਜਪਾ ਦੇ ਪੰਜ ਵਿਧਾਇਕ ਜੋਗੀ ਰਾਮ ਸਿਹਾਗ, ਰਾਮ ਕੁਮਾਰ ਗੌਤਮ, ਈਸ਼ਵਰ ਸਿੰਘ, ਰਾਮਨਿਵਾਸ ਅਤੇ ਦਵਿੰਦਰ ਬਬਲੀ ਨਵੀਂ ਵਜ਼ਾਰਤ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਨਜ਼ਰ ਆਏ। ਨਵੇਂ ਮੁੱਖ ਮੰਤਰੀ ਵੱਲੋਂ ਬੁੱਧਵਾਰ ਅਸੰਬਲੀ ਵਿਚ ਭਰੋਸੇ ਦਾ ਵੋਟ ਹਾਸਲ ਕੀਤਾ ਜਾਵੇਗਾ ਤੇ ਜਜਪਾ ਦੇ ਕੁਝ ਵਿਧਾਇਕਾਂ ਵੱਲੋਂ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਸੰਭਾਵਨਾ ਹੈ। ਤੇਜ਼ੀ ਨਾਲ ਬਦਲੇ ਸਿਆਸੀ ਘਟਨਕ੍ਰਮ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾ ਦੇ ਮੰਤਰੀ ਮੰਡਲ ਨੇ ਸਵੇਰੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ। ਇਸ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਵਿਚ ਨਾਇਬ ਸਿੰਘ ਸੈਣੀ ਨੂੰ ਨਵਾਂ ਆਗੂ ਚੁਣਿਆ ਗਿਆ।
ਇਨੈਲੋ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਬਦਲ ਕੇ ਭਾਜਪਾ ਨੇ ਮੰਨ ਲਿਆ ਹੈ ਕਿ ਉਹ ਸੂਬੇ ਨੂੰ ਤਬਾਹ ਕਰ ਰਹੀ ਹੈ। 2019 ਵਿਚ ਲੋਕਾਂ ਨੇ ਭਾਜਪਾ ਨੂੰ ਹਰਾਇਆ ਸੀ, ਪਰ ਗ਼ੱਦਾਰਾਂ ਦੀ ਮਦਦ ਨਾਲ ਉਸ ਨੇ ਸਰਕਾਰ ਬਣਾ ਲਈ। ਉਸ ਠਗਬੰਧਨ ਨੇ ਸਾਢੇ ਚਾਰ ਸਾਲ ਲੁੱਟ ਮਚਾਈ ਰੱਖੀ ਤੇ ਹੁਣ ਚੋਣਾਂ ਦੇ ਮੌਕੇ ਗੱਠਜੋੜ ਤੋੜਨ ਦਾ ਡਰਾਮਾ ਕਰ ਦਿੱਤਾ।
ਖੱਟਰ ਸਰਕਾਰ ਵਿਚ ਉੱਪ ਮੁੱਖ ਮੰਤਰੀ ਰਹੇ ਜਜਪਾ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਹ ਹਰਿਆਣਾ ਦੇ ਹਿੱਤਾਂ ਦੀ ਰਾਖੀ ਪ੍ਰਤੀ ਹਮੇਸ਼ਾ ਵਚਨਬੱਧ ਰਹਿਣਗੇ। ਕਾਂਗਰਸ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਓ ਬੀ ਸੀ ਨੂੰ ਮੁੱਖ ਮੰਤਰੀ ਬਣਾਉਣ ਦਾ ਦਾਅ ਕਾਮਯਾਬ ਨਹੀਂ ਹੋਵੇਗਾ। ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਘਟਨਾਕ੍ਰਮ ਸਰਕਾਰ ਦੀ ਨਾਕਾਮੀ ਨੂੰ ਦਰਸਾਉਦਾ ਹੈ। ਕਿਸਾਨ ਅੰਦੋਲਨ ਦੌਰਾਨ ਕਰੀਬ 750 ਕਿਸਾਨ ਜਾਨਾਂ ਗੁਆ ਚੁੱਕੇ ਹਨ। ਸਰਕਾਰ ਨੇ ਐੱਮ ਐੱਸ ਪੀ ਦਾ ਵਾਅਦਾ ਪੂਰਾ ਨਹੀਂ ਕੀਤਾ। ਇਹ ਭਾਜਪਾ-ਜਜਪਾ ਵੱਲੋਂ ਸਥਾਪਤੀ ਵਿਰੋਧੀ ਗੁੱਸੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਉਸ਼ਟੰਡ ਹੈ। ਲੋਕ ਇਨ੍ਹਾਂ ਦੇ ਦਾਅਪੇਚ ਸਮਝਦੇ ਹਨ। ਨਾਇਬ ਸੈਣੀ ਬੇਸ਼ੱਕ ਓ ਬੀ ਸੀ ਹਨ, ਪਰ ਜੇ ਭਾਜਪਾ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਉਸ ਨੇ ਜਾਤ ਅਧਾਰਤ ਜਨਗਣਨਾ ਕਿਉ ਨਹੀਂ ਕਰਾਈ। ਉਨ੍ਹਾ ਮੰਗ ਕੀਤੀ ਕਿ ਚੋਣਾਂ ਰਾਸ਼ਟਰਪਤੀ ਰਾਜ ਹੇਠ ਕਰਾਈਆਂ ਜਾਣ। ਹੁੱਡਾ ਨੇ ਇਹ ਗੱਲ ਵੀ ਕਹੀ ਕਿ ਭਾਜਪਾ-ਜਜਪਾ ਸੁਆਰਥੀ ਗੱਠਜੋੜ ਸੀ ਤੇ ਹੁਣ ਵੀ ਦੋਹਾਂ ਪਾਰਟੀਆਂ ਨੇ ਸਮਝੌਤੇ ਤਹਿਤ ਗੱਠਜੋੜ ਤੋੜਿਆ ਹੈ। (ਹੁੱਡਾ ਦੇ ਕਹਿਣ ਦਾ ਮਤਲਬ ਸੀ ਕਿ ਕਿਸਾਨਾਂ ਦੇ ਰੋਹ ਤੋਂ ਡਰੀ ਭਾਜਪਾ ਨੇ ਗਠਜੋੜ ਇਸ ਕਰਕੇ ਤੋੜਿਆ ਕਿ ਜਾਟ ਵੋਟਾਂ ਕਾਂਗਰਸ, ਇਨੈਲੋ ਤੇ ਜਜਪਾ ਵਿਚਾਲੇ ਵੰਡੀਆਂ ਜਾਣਗੀਆਂ ਤੇ ਹੋਰਨਾਂ ਸ਼੍ਰੇਣੀਆਂ ਦੇ ਬਲਬੂਤੇ ਉਹ ਚੋਣਾਂ ਜਿੱਤ ਜਾਵੇਗੀ।)
ਹਰਿਆਣਾ ਦੇ ਹਿਸਾਰ ਤੋਂ ਸਾਂਸਦ ਬਿ੍ਰਜੇਂਦਰ ਸਿੰਘ, ਜਿਨ੍ਹਾ ਕੁਝ ਦਿਨ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ਜੁਆਇਨ ਕੀਤੀ, ਨੇ ਕਿਹਾ ਕਿ ਭਾਜਪਾ-ਜਜਪਾ ਗਠਜੋੜ ਬਹੁਤ ਖਤਰਨਾਕ ਸੀ। ਉਨ੍ਹਾ ਕਿਹਾਮੈਂ ਸਮਝਦਾਂ ਹਾਂ ਕਿ ਮੇਰੇ ਅਸਤੀਫੇ ਤੋਂ ਬਾਅਦ ਭਾਜਪਾ ਨੂੰ ਲੱਗਿਆ ਕਿ ਸਥਿਤੀ ਹੱਥੋਂ ਨਿਕਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨ ਪਹਿਲਾਂ ਦਵਾਰਕਾ ਐੱਕਸਪ੍ਰੈੱਸ ਵੇ ਦੇ ਹਰਿਆਣਾ ਵਾਲੇ ਪਾਸੇ ਦਾ ਉਦਘਾਟਨ ਕਰਦਿਆਂ ਖੱਟਰ ਦੀ ਕਾਫੀ ਸਿਫਤ ਕੀਤੀ ਸੀ।

LEAVE A REPLY

Please enter your comment!
Please enter your name here