ਭਾਜਪਾ ਆਗੂਆਂ ਦਾ ਨਾਅਰਾ ‘ਇਸ ਵਾਰ 400 ਪਾਰ’ ਦਾ ਹੈ, ਪਰ ਡਰ ਨਾਲ ਲੱਤਾਂ ਲੜਖੜਾ ਰਹੀਆਂ ਹਨ। ਸਾਂਸਦ ਮੈਦਾਨ ਛੱਡ ਰਹੇ ਹਨ। ਕਿਸੇ ਨੂੰ ਆਪਣੀ ਖੇਡ ਦਾ ਪਿਆਰ ਜਾਗ ਰਿਹਾ ਹੈ, ਕੋਈ ਵਾਤਾਵਰਣ ਦੀ ਰੱਖਿਆ ਲਈ ਸਮਰਪਤ ਹੋਣ ਦਾ ਬਹਾਨਾ ਬਣਾ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਉਸ ਨੂੰ ਉਸ ਦਾ ਡਾਕਟਰੀ ਪੇਸ਼ਾ ਬੁਲਾ ਰਿਹਾ ਹੈ। ਹੁਣ ਤੱਕ ਤਿੰਨ ਸਾਂਸਦ ਕਾਂਗਰਸ ਦਾ ਪੱਲਾ ਫੜ ਚੁੱਕੇ ਹਨ। ਇਹ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪੈਣ ਵਾਲੀ ਭਾਜੜ ਦਾ ਸੰਕੇਤ ਹੈ।
ਪ੍ਰਧਾਨ ਸੇਵਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਗੁਜਰਾਤ ਤੋਂ ਗੁਹਾਟੀ ਤੱਕ ਬਿਨਾਂ ਰੁਕੇ ਕਦਮ ਤਾਲ ਕਰ ਰਿਹਾ ਹੈ। ਦਿੱਲੀ ਬੈਠਾ ਦੋ ਨੰਬਰੀ ਈ ਡੀ ਤੇ ਸੀ ਬੀ ਆਈ ਰਾਹੀਂ ਭਿ੍ਰਸ਼ਟ ਕਾਂਗਰਸੀਆਂ ਨੂੰ ਤੋੜ-ਤੋੜ ਕੇ ਭਾਜਪਾ ਨੂੰ ਕਾਂਗਰਸ-ਯੁਕਤ ਕਰਨ ਵਿੱਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਉਹ ਹਰ ਰਾਜ ਵਿੱਚ ਦੂਜੀਆਂ ਪਾਰਟੀਆਂ ਦੀਆਂ ਫਾਹੁੜੀਆਂ ਦਾ ਜੁਗਾੜ ਕਰਕੇ ਅਧਰੰਗ ਮਾਰੀ ਭਾਜਪਾ ਨੂੰ ਤੁਰਨ ਜੋਗੀ ਕਰਨ ਦੇ ਆਹਰ ਵਿੱਚ ਲੱਗਾ ਹੋਇਆ ਹੈ।
ਦੁਨੀਆ ਦੀ ਸਭ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਨੂੰ ਆਖਰ ਏਨਾ ਡਰ ਕਿਉਂ ਹੈ? ਅਸਲ ਵਿੱਚ ਉਸ ਨੇ ਜੋ ਸੋਚਿਆ ਸੀ, ਹਕੀਕਤ ਉਹ ਨਹੀਂ ਹੈ। ਧਰੁਵੀਕਰਨ ਵਾਲਾ ਹਥਿਆਰ ਖੁੰਢਾ ਹੋ ਚੁੱਕਾ ਹੈ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਕਿਆਸੀ ਗਈ ਲਹਿਰ ਦੇ ਪ੍ਰਾਣ ਨਿਕਲ ਚੁੱਕੇ ਹਨ। ਅੰਧ-ਰਾਸ਼ਟਰਵਾਦ ਦੀ ਹਵਾ ਵੀ ਹਵਾ ਹੋ ਚੁੱਕੀ ਹੈ। ਸਚਾਈ ਇਹ ਹੈ ਕਿ ਭਾਜਪਾ ਵੱਲੋਂ ਕਰਾਏ ਗਏ ਅੰਦਰੂਨੀ ਸਰਵੇ ਨੇ ਦੱਸ ਦਿੱਤਾ ਹੈ ਕਿ ਉੱਤਰੀ ਤੇ ਮੱਧ ਭਾਰਤ ਦੇ ਜਿਹੜੇ ਰਾਜਾਂ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੇ ਹੂੰਝਾ ਫੇਰੂ ਜਿੱਤ ਰਾਹੀਂ 247 ਸੀਟਾਂ ਜਿੱਤੀਆਂ ਸਨ, ਉਹ 103 ਉੱਤੇ ਆ ਕੇ ਅਟਕ ਗਈਆਂ ਹਨ। ਮਸਲਾ ਹੁਣ 400 ਦਾ ਨਹੀਂ 273 ਤੱਕ ਪੁੱਜਣ ਦਾ ਹੈ।
ਇਸ ਲਈ ਓਹੜ-ਪੋਹੜ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਰਿਆਣੇ ਵਿੱਚ ਕਿਸਾਨ ਅੰਦੋਲਨ ਨੇ ਮੁੱਖ ਮੰਤਰੀ ਖੱਟਰ ਦੀ ਬਲੀ ਲੈ ਲਈ ਹੈ। ਇਸ ਦੇ ਬਾਵਜੂਦ ਉਥੇ ਭਾਜਪਾ ਨੂੰ ਮਾਂਜਾ ਫਿਰਨ ਤੋਂ ਰੋਕਿਆ ਨਹੀਂ ਜਾ ਸਕਦਾ। ਜਾਖਲ ਵਿੱਚ ਖੇਤੀ ਮੰਤਰੀ ਦੀਆਂ ਜਿਸ ਤਰ੍ਹਾਂ ਕਿਸਾਨਾਂ ਨੇ ਦੌੜਾਂ ਲਗਾਈਆਂ ਹਨ, ਉਹ ਇਸ ਦਾ ਟਰੇਲਰ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਖੇਤੀ ਸੰਕਟ ਕਾਰਨ ਲੋਕਾਂ ਦਾ ਗੁੱਸਾ ਅਸਮਾਨ ਛੂਹ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਮੋਦੀ ਵਿਰੁੱਧ ਟਿੱਪਣੀਆਂ ਤੇ ਵਿਅੰਗਾਤਮਕ ਵੀਡੀਓਜ਼ ਦਾ ਹੜ੍ਹ ਆਇਆ ਹੋਇਆ ਹੈ। ਭਾਜਪਾ ਦੀ ਸੋਸ਼ਲ ਮੀਡੀਆ ਆਰਮੀ ਨੂੰ ਲਕਵਾ ਮਾਰ ਚੁੱਕਾ ਹੈ। ਬਿਹਾਰ ਵਿੱਚ ਹੱਥਾਂ ਵਿੱਚ ਕਮਲ ਫੁੱਲ ਵਾਲੇ ਭਗਵਾਂ ਝੰਡੇ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਦੀ ਕਾਰ ਘੇਰ ਕੇ ਮੁਰਦਾਬਾਦ ਦੇ ਨਾਅਰੇ ਲਾ ਰਹੇ ਭਾਜਪਾ ਕਾਰਕੁਨਾਂ ਦਾ ਵੀਡੀਓ ਅੱਗੇ ਤੋਂ ਅੱਗੇ ਵਧ ਰਿਹਾ ਹੈ।
ਦੇਸ਼ ਦੇ ਸਭ ਤੋਂ ਵੱਡੇ ਘਪਲੇ ਚੋਣ ਬਾਂਡਾਂ ਰਾਹੀਂ ਇਕੱਠੇ ਕੀਤੇ ਧਨ ਦੇ ਅੰਕੜੇ ਬਾਹਰ ਨਾ ਆ ਜਾਣ, ਇਸ ਲਈ ਐੱਸ ਬੀ ਆਈ ਰਾਹੀਂ ਪੂਰੀ ਵਾਹ ਲਾਈ ਗਈ, ਪਰ ਸੁਪਰੀਮ ਕੋਰਟ ਦੇ ਡੰਡੇ ਨੇ ਇੱਕ ਨਾ ਚੱਲਣ ਦਿੱਤੀ। ਹੁਣ ਜਦੋਂ ਪੜਾਅ-ਦਰ-ਪੜਾਅ ਭਾਜਪਾ ਦੇ ਭਿ੍ਰਸ਼ਟਾਚਾਰ ਦਾ ਚਿੱਠਾ ਲੋਕਾਂ ਸਾਹਮਣੇ ਆਵੇਗਾ, ਤਾਂ ਭਾਜਪਾ ਦਾ ਭਗਵਾਂ ਰੰਗ ਪੀਲਾ ਪੈ ਜਾਵੇਗਾ। ਇਸ ਤੋਂ ਬਾਅਦ ਸੀ ਏ ਏ ਦਾ ਸੱਪ ਬਾਹਰ ਕੱਢ ਕੇ ਮੁੜ ਧਰੁਵੀਕਰਨ ਦਾ ਦਾਅ ਖੇਡਿਆ ਗਿਆ, ਪਰ ਉਹ ਵੀ ਠੁੱਸ ਹੋ ਗਿਆ ਹੈ। ਮੁਸਲਮਾਨਾਂ ਨੂੰ ਪਤਾ ਹੈ ਕਿ ਇਨ੍ਹਾਂ ਨਫ਼ਰਤੀ ਹਾਕਮਾਂ ਦੀ ਮਿਆਦ ਸਿਰਫ਼ ਤਿੰਨ ਮਹੀਨੇ ਹੀ ਹੈ, ਇਸ ਲਈ ਸਬਰ ਤੋਂ ਕੰਮ ਲਿਆ ਜਾਵੇ। ਉਲਟਾ ਅਸਾਮ ਵਿੱਚ ਇਸ ਵਿਰੁੱਧ ਉਠੇ ਅੰਦੋਲਨ ਨੇ ਭਾਜਪਾ ਨੂੰ ਉਥੋਂ ਵੀ ਹੂੰਝ ਦੇਣਾ ਹੈ।
ਇਹ ਚੰਗੀ ਗੱਲ ਹੈ ਕਿ ‘ਇੰਡੀਆ’ ਗਠਜੋੜ ਬੋਚ-ਬੋਚ ਕੇ ਕਦਮ ਪੁੱਟ ਰਿਹਾ ਹੈ। ਇਸ ਨੇ ਤਾਮਿਲਨਾਡੂ, ਹਰਿਆਣਾ, ਦਿੱਲੀ ਤੇ ਯੂ ਪੀ ਵਿੱਚ ਸੀਟਾਂ ਦੀ ਵੰਡ ਕਰ ਲਈ ਹੈ। ਰਾਜਸਥਾਨ, ਛਤੀਸਗੜ੍ਹ, ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਆਦਿਵਾਸੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਮਹਾਰਾਸ਼ਟਰ ਤੇ ਬਿਹਾਰ ਵਿੱਚ ਸੀਟ ਵੰਡ ਦੀ ਗੱਲਬਾਤ ਆਖਰੀ ਦੌਰ ਵਿੱਚ ਹੈ।
ਯੂ ਪੀ ਵਿੱਚ ਗਠਜੋੜ ਦੀ ਮੁੱਖ ਧਿਰ ਸਪਾ ਤੇ ਭਾਈਵਾਲ ਕਾਂਗਰਸ ਚੁੱਪ ਬੈਠੀਆਂ ਹਨ। ਅਸਲ ਵਿੱਚ ਉਹ ਬਸਪਾ ਨੂੰ ਵੀ ਗਠਜੋੜ ਵਿੱਚ ਸ਼ਾਮਲ ਕਰਨ ਦੀਆਂ ਇੱਛੁਕ ਹਨ। ਇਸ ਲਈ ਚੰਦਰ ਸ਼ੇਖਰ ਵਾਲੀ ਨਗੀਨਾ ਦੀ ਸੀਟ ਦਾ ਵੀ ਫੈਸਲਾ ਨਹੀਂ ਕੀਤਾ, ਕਿਉਂਕਿ ਮਾਇਆਵਤੀ ਉਸ ਦੇ ਵਿਰੋਧ ਵਿੱਚ ਹੈ। ਜੇ ਬਸਪਾ ਵੀ ਇੰਡੀਆ ਗਠਜੋੜ ਵਿੱਚ ਆਉਂਦੀ ਹੈ ਤਾਂ ਦੇਸ਼ ਦਾ ਮਾਹੌਲ ਇਕਦਮ ਬਦਲ ਜਾਵੇਗਾ। ਬਾਕੀ ਰਾਜਾਂ ਵਿੱਚ ਵੀ ਅੰਦਰਖਾਤੇ ਕੋਸ਼ਿਸ਼ਾਂ ਜਾਰੀ ਹਨ, ਬਸ ਉਡੀਕ ਚੋਣਾਂ ਦੇ ਐਲਾਨ ਦੀ ਹੈ।
-ਚੰਦ ਫਤਿਹਪੁਰੀ



