ਨਵੀਂ ਦਿੱਲੀ : ਦਿੱਲੀ ਪੁਲਸ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਵੀਰਵਾਰ ਰਾਮਲੀਲ੍ਹਾ ਮੈਦਾਨ ਵਿਚ ਮਹਾਂ-ਪੰਚਾਇਤ ਕਰਨ ਦੀ ਆਗਿਆ ਦੇ ਦਿੱਤੀ ਹੈ। ਪਾਣੀ, ਟਾਇਲਟ ਤੇ ਐਂਬੂਲੈਂਸ ਦਾ ਨਗਰ ਨਿਗਮ ਨਾਲ ਮਿਲ ਕੇ ਪ੍ਰਬੰਧ ਕੀਤਾ ਹੈ। ਮੋਰਚੇ ਨੇ ਇਕ ਬਿਆਨ ਵਿਚ ਕਿਹਾ ਕਿ ਮਹਾਂ-ਪੰਚਾਇਤ ਮੋਦੀ ਸਰਕਾਰ ਦੀਆਂ ਕਾਰਪੋਰੇਟ-ਪੱਖੀ, ਫਿਰਕੂ ਤੇ ਡਿਕਟੇਟਰਾਨਾ ਨੀਤੀਆਂ ਖਿਲਾਫ ਅਤੇ ਖੇਤੀਬਾੜੀ, ਖੁਰਾਕ ਸੁਰੱਖਿਆ ਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਦਾ ਸੰਕਲਪ ਪੱਤਰ ਪਾਸ ਕਰੇਗੀ।
ਮਹਾਂ-ਪੰਚਾਇਤ ਵਿਚ ਪੰਜਾਬ ਤੋਂ 50 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਪੁੱਜਣ ਦੀ ਆਸ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਟਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਜੇ ਕਿਸਾਨਾਂ ਨੂੰ ਕੌਮੀ ਰਾਜਧਾਨੀ ’ਚ ਪਹੁੰਚਣ ਤੋਂ ਰੋਕਿਆ ਗਿਆ ਤਾਂ ਇਸ ਨਾਲ ਧਰਨੇ ਤੇ ਰੇਲ ਰੋਕੋ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ। ਮਹਾਂਪੰਚਾਇਤ ਦੇ ਮੱਦੇਨਜ਼ਰ ਕਿਸਾਨ ਸ਼ੰਭੂ ਬਾਰਡਰ ’ਤੇ ਇਕੱਠੇ ਹੋ ਰਹੇ ਹਨ।
ਪੁਲਸ ਨੇ ਕਿਹਾ ਹੈ ਕਿ ਜਵਾਹਰ ਲਾਲ ਨਹਿੂਰ ਮਾਰਗ, ਬਹਾਦਰ ਸ਼ਾਹ ਜ਼ਫਰ ਮਾਰਗ, ਆਸਿਫ ਅਲੀ ਰੋਡ, ਸਵਾਮੀ ਵਿਵੇਕਾਨੰਦ ਮਾਰਗ, ਨੇਤਾ ਜੀ ਸੁਭਾਸ਼ ਮਾਰਗ, ਮਿੰਟੋ ਰੋਡ, ਮਹਾਰਾਜਾ ਰਣਜੀਤ ਸਿੰਘ ਫਲਾਈ ਓਵਰ, ਭਭੂਤੀ ਮਾਰਗ, ਚਮਨ ਲਾਲ ਮਾਰਗ, ਬਾਰਖੰਭਾ ਰੋਡ, ਟਾਲਿਸਟਾਏ ਮਾਰਗ, ਜੈ ਸਿੰਘ ਰੋਡ, ਸੰਸਦ ਮਾਰਗ, ਬਾਬਾ ਖੜਕ ਸਿੰਘ ਮਾਰਗ, ਅਸ਼ੋਕਾ ਰੋਡ, ਕਨਾਟ ਸਰਕਸ ਤੇ ਡੀ ਡੀ ਯੂ ਮਾਰਗ ’ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਟਰੈਫਿਕ ਇਧਰ-ਉਧਰ ਮੋੜਿਆ ਜਾਵੇਗਾ।





