ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਵਿਚ ਮੁਲਜ਼ਮ ਦਲਿਤ ਕਾਰਕੁੰਨ ਸ਼ੋਮਾ ਕਾਂਤੀ ਸੇਨ ਨੂੰ ਸ਼ੁੱਕਰਵਾਰ ਜ਼ਮਾਨਤ ਦੇ ਦਿੱਤੀ | ਐਲਗਾਰ ਪ੍ਰੀਸ਼ਦ ਦੀ 31 ਦਸੰਬਰ 2017 ਨੂੰ ਪੁਣੇ ਦੇ ਸ਼ਾਨੀਵਰਵੜਾ ਵਿਚ ਮੀਟਿੰਗ ਹੋਈ ਸੀ ਤੇ ਇਕ ਜਨਵਰੀ ਨੂੰ ਭੀਮਾ ਕੋਰੇਗਾਂਵ ਦੀ ਲੜਾਈ ਦੀ 200ਵੀਂ ਵਰ੍ਹੇਗੰਢ ਦੌਰਾਨ ਉਥੇ ਹਿੰਸਾ ਹੋ ਗਈ | ਨਾਗਪੁਰ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਨੂੰ ਮਹਾਰਾਸ਼ਟਰ ਦੇ ਪਿੰਡ ਭੀਮਾ ਕੋਰੇਗਾਂਵ ਵਿਚ ਹੋਈ ਹਿੰਸਾ ਦੇ ਬਾਅਦ 6 ਜੂਨ 2018 ਨੂੰ ਗਿ੍ਫਤਾਰ ਕੀਤਾ ਗਿਆ ਸੀ | ਮਾਰਕਸਵਾਦੀਆਂ ਨਾਲ ਕਥਿਤ ਸੰਬੰਧ ਹੋਣ ਦਾ ਦੋਸ਼ ਲਾ ਕੇ ਉਸ ‘ਤੇ ਯੂ ਏ ਪੀ ਏ ਵਰਗਾ ਸਖਤ ਕਾਨੂੰਨ ਮੜਿ੍ਹਆ ਗਿਆ ਸੀ | ਕੌਮੀ ਜਾਂਚ ਏਜੰਸੀ ਨੇ 15 ਮਾਰਚ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਸੇਨ ਦੀ ਹੋਰ ਹਿਰਾਸਤ ਨਹੀਂ ਚਾਹੁੰਦੀ |
ਜਸਟਿਸ ਅਨਿਰੁਧ ਬੋਸ ਤੇ ਜਸਟਿਸ ਆਗਸਟੀਨ ਜਾਰਜ ਮਸੀਹ ਨੇ ਸੇਨ ਨੂੰ ਕਈ ਸ਼ਰਤਾਂ ਨਾਲ ਇਸ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਕਿ ਉਸ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਗਿਆ, ਉਮਰ ਵੀ ਵੱਧ ਹੈ ਤੇ ਕਈ ਬਿਮਾਰੀਆਂ ਹਨ |



