ਈਰਾਨ ਰਾਸ਼ਟਰਪਤੀ ਚੋਣਾਂ ’ਚ ਮਸੂਦ ਪੇਜੇਸ਼ਕੀਅਨ ਦੀ ਜਿੱਤ

0
125

ਦੁਬਈ : ਈਰਾਨ ’ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਪਿਛਲੇ ਹਫ਼ਤੇ ਹੋਈਆਂ ਵੋਟਾਂ ’ਚ ਸਿਖਰਲੇ ਸਥਾਨ ’ਤੇ ਰਹੇ ਦੋ ਉਮੀਦਵਾਰਾਂ ਦੇ ਵਿਚਾਲੇ ਸਿੱਧੇ ਮੁਕਾਬਲੇ ’ਚ ਸੁਧਾਰਵਾਦੀ ਨੇਤਾ ਮਸੂਦ ਪੇਜੇਸ਼ਕੀਅਨ ਨੇ ਸਈਦ ਜਲੀਲੀ ਨੂੰ ਹਰਾ ਕੇ ਸ਼ਨੀਵਾਰ ਜਿੱਤ ਹਾਸਲ ਕਰ ਲਈ। ਈਰਾਨ ’ਚ ਪਿਛਲੇ ਮਹੀਨੇ ਇੱਕ ਹੈਲੀਕਾਪਟਰ ਹਾਦਸੇ ’ਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਹੋ ਜਾਣ ਬਾਅਦ ਸ਼ੁੱਕਰਵਾਰ ਨੂੰ ਪੇਜੇਸ਼ਕੀਅਨ ਅਤੇ ਜਲੀਲੀ ਵਿਚਾਲੇ ਸਿੱਧੇ ਮੁਕਾਬਲੇ ਦੇ ਤਹਿਤ ਵੋਟਿੰਗ ਹੋਈ। ਪੇਜੇਸ਼ਕੀਅਨ ਇੱਕ ਕਰੋੜ 63 ਲੱਖ ਵੋਟਾਂ ਨਾਲ ਵਿਜੇਤਾ ਰਹੇ, ਜਦਕਿ ਜਲੀਲੀ ਨੂੰ ਇੱਕ ਕਰੋੜ 35 ਲੱਖ ਵੋਟ ਮਿਲੇ। ਇਸ ਤੋਂ ਪਹਿਲਾ 28 ਜੂਨ ਨੂੰ ਵੋਟਿੰਗ ਦੇ ਸ਼ੁਰੂਆਤੀ ਦੌਰ ’ਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟ ਨਹੀਂ ਮਿਲੇ ਸਨ, ਜਿਸ ਕਾਰਨ ਸਿਖਰਲੇ ਦੋ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ। ਇਹ ਚੋਣ ਇਸ ਸਮੇਂ ਹੋਈ, ਜਦ ਇਜ਼ਰਾਇਲ-ਹਮਾਸ ਵਿਚਾਲੇ ਜਾਰੀ ਯੁੱਧ ਨੂੰ ਲੈ ਕੇ ਪੱਛਮੀ ਏਸ਼ੀਆ ’ਚ ਵਿਆਪਕ ਪੱਧਰ ’ਤੇ ਤਣਾਅ ਹੈ ਅਤੇ ਈਰਾਨ ਪਿਛਲੇ ਕਈ ਸਾਲਾਂ ਤੋਂ ਆਰਥਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਸੂਦ ਪੇਜੇਸ਼ਕੀਅਨ ਦਾ ਝੁਕਾਅ ਸਾਬਕਾ ਰਾਸ਼ਟਰਪਤੀ ਹਸਲ ਰੂਹਾਨੀ ਵੱਲ ਹੈ, ਜਿਸ ਦੇ ਸ਼ਾਸਨ ਤਹਿਤ ਤਹਿਰਾਨ ਨੇ ਵਿਸ਼ਵ ਸ਼ਕਤੀਆਂ ਦੇ ਨਾਲ 2015 ਦਾ ਇਤਿਹਾਸਕ ਪ੍ਰਮਾਣੂ ਸਮਝੌਤਾ ਕੀਤਾ ਸੀ। ਹਾਲਾਂਕਿ, ਪ੍ਰਮਾਣੂ ਸਮਝੌਤਾ ਰੱਦ ਹੋ ਗਿਆ ਸੀ ਅਤੇ ਵੱਖਵਾਦੀ ਨੇਤਾ ਦੁਬਾਰਾ ਸੱਤਾ ’ਤੇ ਕਾਬਜ ਹੋ ਗਏ ਸਨ। ਦਿਲ ਦੇ ਰੋਗਾਂ ਦਾ ਮਾਹਿਰ ਮਸੂਦ (69) ਫਿਰ ਤੋਂ ਪ੍ਰਮਾਣੂ ਸਮਝੌਤਾ ਕਰਨ ਅਤੇ ਪੱਛਮੀ ਦੇਸ਼ਾਂ ਨਾਲ ਸੰਬੰਧ ਚੰਗੇ ਕਰਨ ਦੇ ਪੱਖ ’ਚ ਹਨ।

LEAVE A REPLY

Please enter your comment!
Please enter your name here