ਸ੍ਰੀਨਗਰ : ਜੰਮੂ-ਕਸ਼ਮੀਰ ਅਸੰਬਲੀ ਚੋਣਾਂ ਦੇ ਪਹਿਲੇ ਗੇੜ ਵਿਚ ਵੋਟਰਾਂ ਨੇ ਬੁੱਧਵਾਰ ਅਮਨ-ਅਮਾਨ ਵਾਲੇ ਮਾਹੌਲ ’ਚ ਹੁੰਮ-ਹੁਮਾ ਕੇ ਵੋਟਾਂ ਪਾਈਆਂ। 24 ਸੀਟਾਂ ਲਈ ਸ਼ਾਮ ਪੰਜ ਵਜੇ ਤੱਕ 58.19 ਫੀਸਦੀ ਪੋਲਿੰਗ ਹੋ ਗਈ ਸੀ ਤੇ ਚੋਣ ਅਧਿਕਾਰੀਆਂ ਨੂੰ ਓਵਰਆਲ ਪੋਲਿੰਗ 60 ਫੀਸਦੀ ਤੋਂ ਟੱਪ ਜਾਣ ਦੀ ਉਮੀਦ ਸੀ, ਕਿਉਕਿ ਬੂਥਾਂ ਦੇ ਅਹਾਤਿਆਂ ਵਿਚ ਦਾਖਲ ਹੋ ਚੁੱਕੇ ਵੋਟਰਾਂ ਨੇ ਬਟਨ ਅਜੇ ਦੱਬਣੇ ਸਨ। ਉਜ ਇੰਦਰਬਲ ਵਿਚ 80.06 ਫੀਸਦੀ, ਪੱਦਰ-ਨਾਗਸੇਨੀ ਵਿਚ 76.80 ਫੀਸਦੀ, ਕਿਸ਼ਤਵਾੜ ਵਿਚ 75.04 ਫੀਸਦੀ, ਡੋਡਾ ਪੱਛਮੀ ਵਿਚ 74.14 ਫੀਸਦੀ, ਪਹਿਲਗਾਮ ਵਿਚ 67.86 ਫੀਸਦੀ ਤੇ ਕੁਲਗਾਮ ਵਿਚ 59.58 ਫੀਸਦੀ ਪੋਲਿੰਗ ਸ਼ਾਮ ਤੱਕ ਹੋ ਗਈ ਸੀ। ਸਭ ਤੋਂ ਘੱਟ 40.58 ਫੀਸਦੀ ਤਰਾਲ ਵਿਚ ਹੋਈ। ਪੁਲਵਾਮਾ ਜ਼ਿਲ੍ਹੇ ਦੇ ਚਾਰ ਹਲਕਿਆਂ ਵਿਚ ਪੋਲਿੰਗ 50 ਫੀਸਦੀ ਤੋਂ ਨਹੀਂ ਟੱਪੀ ਸੀ। 2014 ਵਿੱਚ 60.03 ਫੀਸਦੀ ਪੋਲਿੰਗ ਹੋਈ ਸੀ।
ਅਗਸਤ 2019 ਵਿਚ ਧਾਰਾ 370 ਖਤਮ ਕਰਨ ਅਤੇ ਸੂਬੇ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਨਾਂਅ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਪਹਿਲੀ ਵਾਰ ਅਸੰਬਲੀ ਚੋਣਾਂ ਹੋ ਰਹੀਆਂ ਹਨ।
ਜਿਨ੍ਹਾਂ ਹਲਕਿਆਂ ਵਿਚ ਪੋਲਿੰਗ ਹੋਈ, ਉਨ੍ਹਾਂ ਵਿਚ ਕੁਲਗਾਮ ਵੀ ਹੈ, ਜਿੱਥੋਂ ਮਾਰਕਸੀ ਪਾਰਟੀ ਦੇ ਆਗੂ ਮੁਹੰਮਦ ਯੂਸਫ ਤਾਰੀਗਾਮੀ ਲਗਾਤਾਰ ਪੰਜਵੀਂ ਜਿੱਤ ਦਰਜ ਕਰਨ ਲਈ ਨਿੱਤਰੇ ਹਨ। ਉਨ੍ਹਾ ਤੋਂ ਇਲਾਵਾ ਖਾਸ ਉਮੀਦਵਾਰਾਂ ਵਿਚ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ (ਦੋਰੂ), ਨੈਸ਼ਨਲ ਕਾਨਫਰੰਸ ਦੀ ਸਕੀਨਾ ਈਟੂ (ਦਮਹਾਲ ਹਾਜੀਪੋਰਾ) ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਜਾ ਮੁਫਤੀ (ਬਿਜਬੇਹਾੜਾ) ਸ਼ਾਮਲ ਹਨ।
ਇਸ ਗੇੜ ਵਿਚ 23 ਲੱਖ ਤੋਂ ਵੱਧ ਵੋਟਰਾਂ ਨੇ 219 ਉਮੀਦਵਾਰਾਂ ਵਿੱਚੋਂ 24 ਚੁਣਨੇ ਸਨ। ਮੁੱਖ ਮੁਕਾਬਲਾ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ, ਪੀ ਡੀ ਪੀ ਤੇ ਭਾਜਪਾ ਵਿਚਾਲੇ ਦੱਸਿਆ ਜਾ ਰਿਹਾ ਹੈ, ਹਾਲਾਂਕਿ ਗਰਮਖਿਆਲੀਆਂ ਨੇ ਵੀ ਪੂਰਾ ਟਿੱਲ ਲਾਇਆ ਹੋਇਆ ਹੈ। ਇਸ ਗੇੜ ਵਿਚ ਕਾਂਗਰਸ ਨੇ ਕਸ਼ਮੀਰ ਤੇ ਜੰਮੂ ਵਿਚ ਚਾਰ-ਚਾਰ ਸੀਟਾਂ ਲੜੀਆਂ ਹਨ, ਜਦਕਿ ਨੈਸ਼ਨਲ ਕਾਨਫਰੰਸ ਨੇ ਕ੍ਰਮਵਾਰ 12 ਤੇ ਛੇ ਸੀਟਾਂ। ਅਵਾਮੀ ਇਤਿਹਾਦ ਪਾਰਟੀ ’ਤੇ ਸਭ ਦੀਆਂ ਨਜ਼ਰਾਂ ਹਨ, ਜਿਸ ਦੇ ਆਗੂ ਇੰਜੀਨੀਅਰ ਰਾਸ਼ਿਦ ਨੇ ਲੋਕ ਸਭਾ ਚੋਣਾਂ ਵਿਚ ਬਾਰਾਮੂਲਾ ਤੋਂ ਨੈਸ਼ਨਲ ਕਾਨਫਰੰਸ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ। ਰਾਸ਼ਿਦ ਵੱਲੋਂ ਇਕ ਇੰਟਰਵਿਊ ਵਿਚ ਇਹ ਕਹਿਣ ਕਿ ਲੋੜ ਪੈਣ ’ਤੇ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦਾ ਹੈ, ਉਮਰ ਨੇ ਲੋਕਾਂ ਨੂੰ ਖਬਰਦਾਰ ਕੀਤਾ ਕਿ ਉਹ ਸੋਚ-ਸਮਝ ਕੇ ਵੋਟ ਪਾਉਣ।
2014 ਵਿਚ ਪਹਿਲੇ ਗੇੜ ’ਚ 22 ਸੀਟਾਂ ਲਈ ਪੋਲਿੰਗ ਹੋਈ ਸੀ ਅਤੇ ਪੀ ਡੀ ਪੀ ਏ ਨੇ 11, ਭਾਜਪਾ ਤੇ ਕਾਂਗਰਸ ਨੇ 4-4, ਮਾਰਕਸੀ ਪਾਰਟੀ ਨੇ ਇੱਕ ਤੇ ਨੈਸ਼ਨਲ ਕਾਨਫਰੰਸ ਨੇ 2 ਸੀਟਾਂ ਜਿੱਤੀਆਂ ਸਨ। 2024 ਦੀਆਂ ਲੋਕ ਸਭਾ ਚੋਣਾਂ ਵਿਚ ਨੈਸ਼ਨਲ ਕਾਨਫਰੰਸ 11, ਪੀ ਡੀ ਪੀ 5, ਕਾਂਗਰਸ 4 ਤੇ ਭਾਜਪਾ 3 ਸੀਟਾਂ ’ਤੇ ਅੱਗੇ ਰਹੀ ਸੀ।