ਰਾਹੁਲ ਦੀ ਜੀਭ ਵੱਢਣੀ ਨਹੀਂ, ਸਾੜਨੀ ਚਾਹੀਦੀ : ਭਾਜਪਾ ਸਾਂਸਦ

0
94

ਨਵੀਂ ਦਿੱਲੀ : ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਵੱਲੋਂ ਰਾਹੁਲ ਗਾਂਧੀ ਦੀ ਜੀਭ ਵੱਢਣ ’ਤੇ 11 ਲੱਖ ਦਾ ਇਨਾਮ ਐਲਾਨਣ ਤੋਂ ਬਾਅਦ ਮਹਾਰਾਸ਼ਟਰ ਤੋਂ ਹੀ ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬੋਂਡੇ ਨੇ ਕਿਹਾ ਹੈ ਕਿ ਜੀਭ ਵੱਢਣੀ ਠੀਕ ਨਹੀਂ ਬਲਕਿ ਜੀਭ ਸਾੜ ਦੇਣੀ ਚਾਹੀਦੀ ਹੈ।
ਇਸੇ ਦੌਰਾਨ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਖਿਲਾਫ ਵਿਵਾਦਤ ਟਿੱਪਣੀ ਕਰਨ ਅਤੇ ਧਮਕੀ ਭਰਿਆ ਬਿਆਨ ਦੇਣ ’ਤੇ ਬੁੱਧਵਾਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਸਮੇਤ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦੇ ਚਾਰ ਆਗੂਆਂ ਵਿਰੁੱਧ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ।
ਪਾਰਟੀ ਦੇ ਖਜ਼ਾਨਚੀ ਅਜੇ ਮਾਕਨ ਵੱਲੋਂ ਤੁਗਲਕ ਰੋਡ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਕਿਉਕਿ ਉਹ ਦਲਿਤਾਂ, ਪੱਛੜੇ ਵਰਗਾਂ, ਘੱਟਗਿਣਤੀਆਂ ਅਤੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੇ ਹਨ। ਬਿੱਟੂ ਤੋਂ ਇਲਾਵਾ ਭਾਜਪਾ ਆਗੂ ਤਰਵਿੰਦਰ ਮਰਵਾਹਾ, ਯੂ ਪੀ ਸਰਕਾਰ ਦੇ ਮੰਤਰੀ ਰਘੁਰਾਜ ਸਿੰਘ, ਸ਼ਿਵ ਸੈਨਾ ਦੇ ਵਿਧਾਇਕ ਸੰਜੈ ਗਾਇਕਵਾੜ ਵਿਰੁੱਧ 351, 352, 353, 61 ਤਹਿਤ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਬਿੱਟੂ ਨੇ ਹਾਲ ਹੀ ਵਿਚ ਅਮਰੀਕਾ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸਿੱਖਾਂ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਆਲੋਚਨਾ ਕਰਦਿਆਂ ਉਨ੍ਹਾ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਦਹਿਸ਼ਤਗਰਦ ਕਿਹਾ ਸੀ। ਗਾਇਕਵਾੜ ਨੇ ਰਾਹੁਲ ਦੀ ਜੀਭ ਕੱਟਣ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ।

LEAVE A REPLY

Please enter your comment!
Please enter your name here