49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਹੌਲਦਾਰ ਕਾਬੂ

0
77

ਜਲ਼ੰਧਰ, (ਸ਼ੈਲੀ ਐਲਬਰਟ)- ਪੁਲਸ ਥਾਣਾ ਨਕੋਦਰ ਦਿਹਾਤੀ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਹੌਲਦਾਰ ਕੰਵਰਪਾਲ ਸਿੰਘ ਨੂੰ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਉਸ ਨੂੰ ਜਲੰਧਰ ਦੀ ਅਦਾਲਤ ਨੇ ਇੱਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਦਰੱਸਾ ਦੇ ਵਸਨੀਕ ਲਖਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਕਿਉਰਿਟੀ ਗਾਰਡ ਹੈ ਅਤੇ ਉਸ ਨੇ ਪੀ ਐੱਚ ਜੀ ਵਿੱਚ ਸੇਵਾ ਨਿਭਾੳਂੁਦੇ ਆਪਣੇ ਚਾਚੇ ਦੀ ਮੌਤ ਉਪਰੰਤ 2017 ਵਿੱਚ ਜ਼ਿਲ੍ਹਾ ਕਮਾਂਡਰ, ਪੰਜਾਬ ਹੋਮ ਗਾਰਡਜ਼ (ਪੀ ਐੱਚ ਜੀ) ਦਫਤਰ ਫਰੀਦਕੋਟ ਵਿਖੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਲਈ ਅਰਜ਼ੀ ਦਿੱਤੀ ਸੀ। ਹੌਲਦਾਰ ਨੇ ਨੌਕਰੀ ਦਿਵਾਉਣ ਬਦਲੇ 6,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਹੌਲਦਾਰ ਨੇ ਉਸ ਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦੇਣ ਲਈ ਕਿਹਾ। ਇਸ ਤੋਂ ਬਾਅਦ ਹੌਲਦਾਰ ਉਸ ਨੂੰ ਫੋਨ-ਪੇਅ ਰਾਹੀਂ ਰਕਮ ਉਸ ਦੇ ਐੱਚ ਡੀ ਐੱਫ ਸੀ ਖਾਤੇ ਵਿੱਚ ਟਰਾਂਸਫਰ ਕਰਨ ਲਈ ਵਾਰ-ਵਾਰ ਜ਼ੋਰ ਪਾਉਣ ਲੱਗਾ। ਉਸ ਨੇ ਚਾਰ ਟਰਾਂਜੈਕਸ਼ਨਾਂ ਵਿੱਚ 10,000 ਰੁਪਏ (ਪ੍ਰਤੀ ਟਰਾਂਜੈਕਸ਼ਨ) ਟਰਾਂਸਫਰ ਕੀਤੇ ਅਤੇ ਬਾਅਦ ਵਿੱਚ 9800 ਹੋਰ ਰੁਪਏ ਟਰਾਂਸਫਰ ਕਰਵਾਏ। ਇਸ ਤਰ੍ਹਾਂ ਐੱਚ ਡੀ ਐੱਫ ਸੀ ਖਾਤੇ ਵਿੱਚ ਕੁੱਲ 49,800 ਰੁਪਏ ਭੇਜੇ ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਕਿ ਉਕਤ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਲਈ ਸੀ। ਤਫ਼ਤੀਸ਼ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here