ਚੇਨਈ : ਕੋਇੰਬਟੂਰ ਦੇ ਅਸਿਸਟੈਂਟ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ 150 ਪੁਲਸ ਅਧਿਕਾਰੀਆਂ ਦੀ ਬਟਾਲੀਅਨ ਨੇ ਸੋਮਵਾਰ ਥੋਂਡਾਮੁਤੁਰ ਵਿਚ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ਦੀ ਤਲਾਸ਼ੀ ਲਈ। ਮਦਰਾਸ ਹਾਈ ਕੋਰਟ ਵੱਲੋਂ ਫਾਊਂਡੇਸ਼ਨ ਖਿਲਾਫ ਸਾਰੇ ਫੌਜਦਾਰੀ ਮਾਮਲਿਆਂ ਦੀ ਰਿਪੋਰਟ ਮੰਗੇ ਜਾਣ ’ਤੇ ਇਹ ਪੁਲਸ ਐਕਸ਼ਨ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਪ੍ਰੇਸ਼ਨ ਤਹਿਤ ਆਸ਼ਰਮ ਵਿਚ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ।
ਹਾਈ ਕੋਰਟ ਨੇ ਉਪਰੋਕਤ ਹੁਕਮ ਰਿਟਾਇਰਡ ਪ੍ਰੋਫੈਸਰ ਡਾ. ਐੱਸ ਕਾਮਰਾਜ ਵੱਲੋਂ ਦਿੱਤੀ ਗਈ ਇਸ ਅਰਜ਼ੀ ਦੀ ਸੁਣਵਾਈ ਕਰਦਿਆਂ ਦਿੱਤਾ ਸੀ ਕਿ ਉਸਦੀਆਂ ਦੋ ਧੀਆਂ ਗੀਤਾ ਕਾਮਰਾਜ (42) ਤੇ ਲਤਾ ਕਾਮਰਾਜ (39) ਨੂੰ ਫਾਊਂਡੇਸ਼ਨ ਵੱਲੋਂ ਕੋਇੰਬਟੂਰ ਵਿਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਪ੍ਰੋਫੈਸਰ ਨੇ ਕਿਹਾ ਹੈ ਕਿ ਫਾਊਂਡੇਸ਼ਨ ਆਸ਼ਰਮ ਵਿਚ ਮਹਿਲਾਵਾਂ ਦਾ ਬੇ੍ਰਨਵਾਸ਼ ਕਰ ਰਹੀ ਹੈ, ਉਨ੍ਹਾਂ ਨੂੰ ਸੰਨਿਆਸਣਾਂ ਬਣਾ ਰਹੀ ਹੈ ਤੇ ਪਰਵਾਰਾਂ ਨੂੰ ਮਿਲਣ ਨਹੀਂ ਦਿੰਦੀ। ਕੋਰਟ ਨੇ ਸੁਣਵਾਈ ਦੌਰਾਨ ਈਸ਼ਾ ਫਾਊਂਡੇਸ਼ਨ ਦੇ ਬਾਨੀ ਗੌਡਮੈਨ ਸਦਗੁਰੂ ਵਾਸੂਦੇਵ, ਜਿਸਨੂੰ ਜੱਗੀ ਵਜੋਂ ਜਾਣਿਆਂ ਜਾਂਦਾ ਹੈ, ਦੀ ਆਪਣੀ ਜ਼ਿੰਦਗੀ ਦੇ ਆਪਾ-ਵਿਰੋਧ ’ਤੇ ਕਿੰਤੂ ਕੀਤਾ। ਜਸਟਿਸ ਐੱਸ ਐੱਮ ਸੁਬਰਾਮਣੀਅਮ ਤੇ ਜਸਟਿਸ ਵੀ ਸ਼ਿਵਗਣਨਮ ਨੇ ਪੁੱਛਿਆ ਕਿ ਸਦਗੁਰੂ ਨੇ ਆਪਣੀ ਧੀ ਤਾਂ ਚੰਗੇ ਘਰ ਵਿਆਹ ਦਿੱਤੀ ਤੇ ਹੋਰਨਾਂ ਮੁਟਿਆਰਾਂ ਨੂੰ ਆਪਣੇ ਕੇਂਦਰਾਂ ਵਿਚ ਮੰੁਡਨ ਕਰਕੇ ਤੇ ਦੀਨ-ਦੁਨੀਆ ਨੂੰ ਭੁਲਾ ਕੇ ਸੰਨਿਆਸਣਾਂ ਵਰਗੀ ਜ਼ਿੰਦਗੀ ਜਿਊਣ ਲਈ ਉਤਸ਼ਾਹਤ ਕਰ ਰਿਹਾ ਹੈ।
ਜਦੋਂ ਪ੍ਰੋਫੈਸਰ ਕਾਮਰਾਜ ਨੇ ਕਿਹਾ ਕਿ ਉਸਦੀਆਂ ਦੋਹਾਂ ਧੀਆਂ ਨੂੰ ਵੇਲਿਅਨਗਿਰੀ (ਕੋਇੰਬਟੂਰ) ਦੀਆਂ ਪਹਾੜੀਆਂ ਵਿਚ ਸਥਿਤ ਯੋਗਾ ਕੇਂਦਰ ਵਿਚ ਉਨ੍ਹਾਂ ਦੀ ਇੱਛਾ ਦੇ ਖਿਲਾਫ ਰੱਖਿਆ ਜਾ ਰਿਹਾ ਹੈ ਤਾਂ ਕੋਰਟ ਵਿਚ ਮੌਜੂਦ ਦੋਹਾਂ ਧੀਆਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿ ਰਹੀਆਂ ਹਨ, ਕਿਸੇ ਨੇ ਜ਼ਬਰਦਸਤੀ ਨਹੀਂ ਰੱਖਿਆ ਹੋਇਆ।
ਪ੍ਰੋਫੈਸਰ ਕਾਮਰਾਜ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਸਦੀ ਵੱਡੀ ਧੀ ਇੰਗਲੈਂਡ ਦੀ ਨਾਮੀ ਯੂਨੀਵਰਸਿਟੀ ਤੋਂ ਮੈਕਟਰੋਨਿਕਸ ਵਿਚ ਪੋਸਟਗ੍ਰੈਜੂਏਟ ਹੈ। ਉਹ 2008 ਵਿਚ ਤਲਾਕ ਤੋਂ ਪਹਿਲਾਂ ਚੰਗੀ ਤਨਖਾਹ ਲੈਂਦੀ ਸੀ। ਤਲਾਕ ਤੋਂ ਬਾਅਦ ਉਹ ਫਾਊਂਡੇਸ਼ਨ ਦੀਆਂ ਯੋਗਾ ਕਲਾਸਾਂ ਵਿਚ ਜਾਣ ਲੱਗੀ। ਛੋਟੀ ਧੀ ਸਾਫਟਵੇਅਰ ਇੰਜੀਨੀਅਰ ਹੈ ਤੇ ਉਹ ਵੀ ਵੱਡੀ ਭੈਣ ਦੇ ਰਾਹ ਤੁਰ ਪਈ ਅਤੇ ਪੱਕੇ ਤੌਰ ’ਤੇ ਕੇਂਦਰ ਵਿਚ ਰਹਿਣ ਲੱਗੀ। ਪ੍ਰੋਫੈਸਰ ਕਾਮਰਾਜ ਨੇ ਦੋਸ਼ ਲਾਇਆ ਹੈ ਕਿ ਫਾਊਂਡੇਸ਼ਨ ਵਾਲਿਆਂ ਨੇ ਖਾਣੇ ਵਿਚ ਮਿਲਾਵਟ ਕਰਕੇ ਤੇ ਦਵਾਈਆਂ ਆਦਿ ਦੇ ਕੇ ਉਸਦੀਆਂ ਧੀਆਂ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਉਹ ਪਰਵਾਰ ਤੋਂ ਬੇਮੁਖ ਹੋ ਗਈਆਂ ਹਨ।
ਕੋਰਟ ਨੇ ਆਪਣੇ ਹੁਕਮ ਵਿਚ ਕਿਹਾਪਟੀਸ਼ਨਰ ਦੀ ਸ਼ਿਕਾਇਤ ਹੈ ਕਿ ਫਾਊਂਡੇਸ਼ਨ ਬੇ੍ਰਨਵਾਸ਼ ਕਰਕੇ ਉੱਥੇ ਰਹਿਣ ਵਾਲੀਆਂ ਨੂੰ ਸੰਨਿਆਸਣਾਂ ਬਣਾ ਰਹੀ ਹੈ ਤੇ ਉਨ੍ਹਾਂ ਨੂੰ ਮਾਂਪਿਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਨਹੀਂ ਦਿੰਦੀ। ਪਟੀਸ਼ਨਰ ਨੇ ਕੇਂਦਰ ਦੇ ਅੰਦਰਲੀ ਹਾਲਤ ਬਾਰੇ ਕਈ ਗੱਲਾਂ ਕਹੀਆਂ ਹਨ। ਪਟੀਸ਼ਨਰ ਨੇ ਕਿਹਾ ਹੈ ਕਿ ਫਾਊਂਡੇਸ਼ਨ ਵਿਚ ਕੰਮ ਕਰ ਰਹੇ ਇਕ ਡਾਕਟਰ ਖਿਲਾਫ ਪੋਕਸੋ (ਬਾਲਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਦਾ ਕਾਨੂੰਨ) ਤਹਿਤ ਕੇਸ ਦਰਜ ਹੋਇਆ ਹੈ। ਡਾਕਟਰ ਖਿਲਾਫ ਦੋਸ਼ ਹੈ ਕਿ ਉਸਨੇ ਆਦੀਵਾਸੀ ਸਰਕਾਰੀ ਸਕੂਲ ਵਿਚ ਪੜ੍ਹ ਰਹੀਆਂ 12 ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਹਾਲਾਂਕਿ ਪੋ੍ਰਫੈਸਰ ਕਾਮਰਾਜ ਦੀਆਂ ਦੋਹਾਂ ਧੀਆਂ ਨੇ ਕਿਹਾ ਕਿ ਉਹ ਮਰਜ਼ੀ ਨਾਲ ਈਸ਼ਾ ਵਿਖੇ ਰਹਿ ਰਹੀਆਂ ਹਨ, ਜਸਟਿਸ ਸੁਬਰਾਮਣੀਅਮ ਤੇ ਜਸਟਿਸ ਵੀ ਸ਼ਿਵਗਣਨਮ ਦੀ ਤਸੱਲੀ ਨਹੀਂ ਹੋਈ। ਜਸਟਿਸ ਸ਼ਿਵਗਣਨਮ ਨੇ ਟਿੱਪਣੀ ਕੀਤੀਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਵਿਅਕਤੀ ਨੇ ਆਪਣੀ ਧੀ ਵਿਆਹ ਕੇ ਚੰਗੀ ਤਰ੍ਹਾਂ ਵਸਾ ਦਿੱਤੀ, ਉਹ ਦਜਿਆਂ ਦੀਆਂ ਧੀਆਂ ਨੂੰ ਸਿਰ ਮੁੰਡਵਾਉਣ ਤੇ ਸੰਨਿਆਸਣਾਂ ਵਾਲੀ ਜ਼ਿੰਦਗੀ ਜਿਊਣ ਲਈ ਕਿਉ ਉਤਸ਼ਾਹਤ ਕਰ ਰਿਹਾ ਹੈ? ਇੱਥੇ ਸ਼ੱਕ ਪੈਂਦਾ ਹੈ। ਈਸ਼ਾ ਫਾਊਂਡੇਸ਼ਨ ਦੇ ਵਕੀਲ ਰਜਿੰਦਰ ਕੁਮਾਰ ਨੇ ਕਿਹਾ ਕਿ ਬਾਲਗਾਂ ਨੂੰ ਰੂਹਾਨੀ ਪੱਥ ਚੁਣਨ ਸਮੇਤ ਆਪਣੀ ਜ਼ਿੰਦਗੀ ਬਾਰੇ ਖੁਦ ਫੈਸਲੇ ਲੈਣ ਦਾ ਹੱਕ ਹੈ। ਅਜਿਹੇ ਨਿਜੀ ਫੈਸਲਿਆਂ ਵਿਚ ਕੋਰਟ ਵੱਲੋਂ ਜਾਂਚ ਦਾ ਹੁਕਮ ਦੇਣਾ ਬੇਲੋੜਾ ਹੈ, ਕਿਉਕਿ ਮਹਿਲਾਵਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੀਆਂ ਹਨ। ਜਸਟਿਸ ਸੁਬਰਾਮਣੀਅਮ ਨੇ ਕਿਹਾਤੁਸੀਂ ਨਹੀਂ ਸਮਝੋਗੇ, ਕਿਉਕਿ ਤੁਸੀਂ ਇਕ ਧਿਰ ਵੱਲੋਂ ਪੇਸ਼ ਹੋ ਰਹੇ ਹੋ। ਪਰ ਇਹ ਕੋਰਟ ਨਾ ਕਿਸੇ ਦੇ ਹੱਕ ਵਿਚ ਤੇ ਨਾ ਕਿਸੇ ਦੇ ਵਿਰੁਧ ਹੈ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਕੋਲ ਆਇਆ ਹੈ ਉਸਨੂੰ ਇਨਸਾਫ ਮਿਲੇ।
ਫਾਜ਼ਲ ਜੱਜਾਂ ਨੇ ਧੀਆਂ ਤੇ ਉਨ੍ਹਾਂ ਦੇ ਮਾਂਪਿਆਂ ਵਿਚਾਲੇ ਦਵੈਖ ਦੀ ਗੱਲ ਕੀਤੀ। ਜਸਟਿਸ ਸੁਬਰਾਮਣੀਅਮ ਨੇ ਧੀਆਂ ਨੂੰ ਕਿਹਾ ਕਿ ਤੁਸੀਂ ਦਾਅਵਾ ਕਰਦੀਆਂ ਹੋ ਕਿ ਰੂਹਾਨੀਅਤ ਦੇ ਰਾਹ ’ਤੇ ਚੱਲ ਰਹੀਆਂ ਹੋ। ਕੀ ਤੁਸੀਂ ਇਹ ਨਹੀਂ ਸੋਚਦੀਆਂ ਕਿ ਮਾਂਪਿਆਂ ਨੂੰ ਅਣਗੌਲਣਾ ਪਾਪ ਹੈ? ਸ਼ਰਧਾ ਦਾ ਸਿਧਾਂਤ ਹੈ ਸਾਰਿਆਂ ਨਾਲ ਪਿਆਰ ਕਰੋ ਤੇ ਕਿਸੇ ਨਾਲ ਨਫਰਤ ਨਾ ਕਰੋ, ਪਰ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਵਿਚ ਮਾਂਪਿਆਂ ਪ੍ਰਤੀ ਕਿੰਨੀ ਨਫਰਤ ਹੈ। ਤੁਸੀਂ ਉਨ੍ਹਾਂ ਨੂੰ ਸਤਿਕਾਰ ਨਾਲ ਸੰਬੋਧਨ ਵੀ ਨਹੀਂ ਕਰ ਰਹੀਆਂ। ਪਟੀਸ਼ਨਰ ਦੇ ਵਕੀਲ ਐੱਮ ਪੁਰਸ਼ੋਤਮਣ ਨੇ ਕਿਹਾ ਕਿ ਬੀਤੇ ਵਿਚ ਵੀ ਈਸ਼ਾ ਫਾਊਂਡੇਸ਼ਨ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਏ ਹਨ। ਇਸਤੋਂ ਸਾਫ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ।
ਧੀਆਂ ਦੇ ਬਿਆਨਾਂ ਤੇ ਈਸ਼ਾ ਫਾਊਂਡੇਸ਼ਨ ਦੀਆਂ ਦਲੀਲਾਂ ਦੇ ਬਾਵਜੂਦ ਕੋਰਟ ਨੇ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਈ ਰਾਜ ਤਿਲਕ ਨੂੰ ਹਦਾਇਤ ਕੀਤੀ ਕਿ ਉਹ ਚਾਰ ਅਕਤੂਬਰ ਤਕ ਤਫਸੀਲ ਨਾਲ ਸਥਿਤੀ ਰਿਪੋਰਟ ਪੇਸ਼ ਕਰਨ। ਇਸ ਵਿਚ ਫਾਊਂਡੇਸ਼ਨ ਖਿਲਾਫ ਸਾਰੇ ਫੌਜਦਾਰੀ ਮਾਮਲਿਆਂ ਦਾ ਵੇਰਵਾ ਹੋਵੇਗਾ। ਇਸੇ ਦੌਰਾਨ ਈਸ਼ਾ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਹ ਕਿਸੇ ਨੂੰ ਵਿਆਹ ਕਰਾਉਣ ਜਾਂ ਸੰਨਿਆਸੀ ਬਣਨ ਲਈ ਨਹੀਂ ਕਹਿੰਦੀ, ਇਹ ਵਿਅਕਤੀਆਂ ਦੀ ਆਪਣੀ ਪਸੰਦ ਹੈ। ਈਸ਼ਾ ਯੋਗਾ ਕੇਂਦਰ ਵਿਚ ਬਹੁਤ ਲੋਕ ਰਹਿੰਦੇ ਹਨ ਪਰ ਕੁਝ ਕੁ ਸੰਨਿਆਸੀ ਬਣਦੇ ਹਨ।