ਪਾਕਿਸਤਾਨੀ ਘੁਸਪੈਠ ਖਿਲਾਫ ਖਬਰਦਾਰ ਕਰਨ ਵਾਲਾ ਤਾਸ਼ੀ ਨਾਮਗਿਆਲ ਤੁਰ ਗਿਆ

0
139

ਨਵੀਂ ਦਿੱਲੀ : 1999 ਦੀ ਕਾਰਗਿਲ ਜੰਗ ਦੌਰਾਨ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਭਾਰਤੀ ਫੌਜ ਨੂੰ ਸਭ ਤੋਂ ਪਹਿਲਾਂ ਸੁਚੇਤ ਕਰਨ ਵਾਲੇ ਤਾਸ਼ੀ ਨਾਮਗਿਆਲ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਸੈਨਾ ਦੀ ਲੇਹ-ਹੈੱਡਕੁਆਰਟਰਡ 14 ਕੋਰ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਨਾਮਗਿਆਲ ਦੇ ਅਚਾਨਕ ਦੇਹਾਂਤ ਬਾਰੇ ਪੋਸਟ ਕੀਤੀ ਅਤੇ ਕਿਹਾਓਪਰੇਸ਼ਨ ਵਿਜੈ 1999 ਦੌਰਾਨ ਦੇਸ਼ ਲਈ ਉਨ੍ਹਾ ਦਾ ਅਨਮੋਲ ਯੋਗਦਾਨ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਅਸੀਂ ਇਸ ਦੁੱਖ ਦੀ ਘੜੀ ’ਚ ਦੁਖੀ ਪਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ‘ਓਪਰੇਸ਼ਨ ਵਿਜੈ’ ਮਈ-ਜੁਲਾਈ 1999 ’ਚ ਪਾਕਿਸਤਾਨ ਨਾਲ ਲੜੀ ਜੰਗ ਦਾ ਕੋਡ ਨੇਮ ਸੀ। ਤਾਸ਼ੀ ਨਾਮਗਿਆਲ ਲੱਦਾਖੀ ਚਰਵਾਹਾ ਸੀ, ਜਿਸ ਨੇ ਆਪਣੇ ਗੁੰਮ ਹੋਏ ਯਾਕ ਦੀ ਭਾਲ ਦੌਰਾਨ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਬਟਾਲਿਕ ਪਹਾੜੀ ਲੜੀ ਦੇ ਉੱਪਰ ਬੰਕਰ ਖੋਦਦਿਆਂ ਦੇਖਿਆ ਸੀ। ਉਸ ਨੇ ਭਾਰਤੀ ਫੌਜ ਨੂੰ ਕਾਰਗਿਲ ਸੈਕਟਰ ’ਚ ਪਾਕਿਸਤਾਨੀ ਘੁਸਪੈਠ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ। ਉਸ ਨੂੰ 1999 ’ਚ ਬਟਾਲਿਕ ਸੈਕਟਰ ’ਚ ਪਾਕਿਸਤਾਨੀ ਸੈਨਿਕਾਂ ਦੀ ਘੁਸਪੈਠ ਨੂੰ ਲੈ ਕੇ ਭਾਰਤੀ ਸੈਨਾ ਨੂੰ ਪਹਿਲਾ ਇਨਪੁਟ ਪ੍ਰਦਾਨ ਕਰਨ ਦਾ ਸਿਹਰਾ ਜਾਂਦਾ ਹੈ।