ਕਾਮਰੇਡ ਅਣਖੀ ਦੇ ਬਰਸੀ ਸਮਾਗਮ ’ਚ ਪੰਜਾਬ ਭਰ ’ਚੋਂ ਪੁੱਜੇ ਮੁਲਾਜ਼ਮ
ਪਟਿਆਲਾ : ਇੱਥੇ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਕਾਮਰੇਡ ਭਗਵਾਨ ਸਿੰਘ ਅਣਖੀ ਦੀ 33ਵੀਂ ਸਲਾਨਾ ਬਰਸੀ ਮਨਾਈ ਗਈ, ਜਿਸ ਵਿੱਚ ਸਾਥੀ ਭਗਵਾਨ ਸਿੰਘ ਅਣਖੀ ਤੇ ਪਿਛਲੇ ਸਮੇਂ ਦੌਰਾਨ ਵਿਛੜੇ ਸੂਬਾਈ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਦੁਹਰਾਇਆ ਗਿਆ। ਬਰਸੀ ਸਮੇਂ ਪੰਜਾਬ ਦੇ ਕੋਨੇਕੋਨੇ ਤੋਂ ਹਜ਼ਾਰਾਂ ਬਿਜਲੀ ਕਾਮੇ ਬੱਸਾਂ, ਕਾਰਾਂ ਤੇ ਟੈਕਸੀਆਂ ਰਾਹੀਂ ਆਪਣੇ ਵਿਛੜੇ ਮਹਿਬੂਬ ਆਗੂਆਂ ਤੇ ਵਿਛੜੇ ਬਿਜਲੀ ਕਾਮਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ। ਫੈਕਟਰੀ ਏਰੀਆ ਸਮੇਤ ਹੈੱਡ ਆਫਿਸ ਤੱਕ ਝੰਡੀਆਂ ਤੇ ਮਾਟੋਆਂ ਨਾਲ ਸਜਾਇਆ ਗਿਆ। ਬਰਸੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜਰਨੈਲ ਸਿੰਘ ਔਲਖ ਨੇ ਲਾਲ ਝੰਡਾ ਲਹਿਰਾਇਆ। ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਭੁਪਿੰਦਰ ਸਾਂਬਰ, ਜਗਤਾਰ ਸਿੰਘ ਫਤਿਹਮਾਜਰੀ, ਕਰਮ ਚੰਦ ਭਾਰਦਵਾਜ, ਬਿ੍ਰਜ ਲਾਲ ਸਮੇਤ ਸੂਬਾਈ ਆਗੂਆਂ ਨੇ ਅਣਖੀ ਦੀ ਫੋਟੋ ਤੋਂ ਪਰਦਾ ਲਾਹਿਆ। ਇਸ ਉਪਰੰਤ ਸਾਰੇ ਹਾਜ਼ਰੀਨ ਬਿਜਲੀ ਮੁਲਾਜ਼ਮਾਂ ਵੱਲੋਂ ਦੋ ਮਿੰਟ ਮੋਨ ਧਾਰ ਕੇ ਵਿਛੜੇ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਰਵਸਾਥੀ ਜਰਨੈਲ ਸਿੰਘ ਔਲਖ, ਲਖਵੀਰ ਸਿੰਘ ਸੁਖੇਵਾਲਾ, ਜਸਵਿੰਦਰ ਸਿੰਘ, ਅਮਰੀਕ ਸਿੰਘ ਖੰਨਾ, ਜੰਗੀਰ ਕਟਾਰੀਆ ’ਤੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਾਂਬਰ ਨੇ ਸਾਥੀ ਅਣਖੀ ਸਮੇਤ ਹੋਰ ਵਿਛੜੇ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੂੰ ਪਬਲਿਕ ਸੈਕਟਰ ਦੀ ਰਾਖੀ ਅਤੇ ਹੋਰਨਾਂ ਮੁਲਾਜ਼ਮ, ਮਜ਼ਦੂਰ, ਕਿਸਾਨ ਤੇ ਵਿਦਿਆਰਥੀਆਂ ਦੀ ਵਿਸ਼ਾਲ ਏਕਤਾ ਅਤੇ ਸੰਘਰਸ਼ ਦਾ ਸੱਦਾ ਦਿੱਤਾ। ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਲੋਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਵਪਾਰੀਆਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਤੇ ਦਿਹਾੜੀਦਾਰ, ਖੇਤ ਮਜ਼ਦੂਰਾਂ ਦਾ ਕੰਮ ਠੱਪ ਪਿਆ ਹੈ, ਮਹਿੰਗਾਈ, ਗਰੀਬੀ ਤੇ ਬੇਰੁਜ਼ਗਾਰੀ ਵਧ ਰਹੀ ਹੈ। ਸਰਕਾਰ ਵਿੱਚ ਭਿ੍ਰਸ਼ਟਾਚਾਰ ਦਾ ਬੋਲਬਾਲਾ ਵਧ ਰਿਹਾ ਹੈ। ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ, ਉਹਨਾਂ ਦੀਆਂ ਮੰਨੀਆਂ ਮੰਗਾਂ ਸਮੇਤ ਐੱਮ ਐੱਸ ਪੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ। ਹਰਿਆਣਾ ਤੇ ਕੇਂਦਰ ਸਰਕਾਰ ਉਹਨਾਂ ’ਤੇ ਤਸ਼ੱਦਦ ਕਰ ਰਹੀ ਹੈ, ਜਿਸ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਣਾ ਪਿਆ। ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਸਿਹਤ, ਸਿੱਖਿਆ ਦਾ ਮਾੜਾ ਹਾਲ ਹੈ। ਅਧਿਆਪਕ ਤੇ ਬਿਜਲੀ ਅਦਾਰੇ ਵਿੱਚ ਮੁਲਾਜ਼ਮਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ। ਸਰਕਾਰੀ ਸਿੱਖਿਆ ਦੀ ਥਾਂ ਪ੍ਰਾਈਵੇਟ ਸਿੱਖਿਆ ਮਹਿੰਗੀ ਹੋ ਰਹੀ ਹੈ। ਨਰੇਗਾ ਵਰਕਰਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਪੂੰਜੀਪਤੀਆਂ ਦੇ ਲੱਖਾਂ ਕਰੋੜਾਂ ਮੁਆਫ ਕਰਕੇ ਬੈਂਕਾਂ ਨੂੰ ਦੀਵਾਲੀਏਪਣ ਵੱਲ ਧੱਕਿਆ ਜਾ ਰਿਹਾ ਹੈ। ਬਿਜਲੀ ਅਦਾਰੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਬਿਜਲੀ ਵਿਭਾਗ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ। ਮੋਦੀ ਸਰਕਾਰ ਲੋਕਾਂ ਵਿੱਚ ਨਫਰਤ ਫੈਲਾ ਕੇ ਵੰਡੀਆ ਪਾ ਰਹੀ ਹੈ ਅਤੇ ਧਾਰਮਕ ਸਥਾਨਾਂ ਦਾ ਸਰਵੇਖਣ ਕਰਾਇਆ ਜਾ ਰਿਹਾ ਹੈ। ਮੁਹੰਮਦ ਖਾਲਿਦ ਨੂੰ ਬਿਨਾਂ ਦੋਸ਼ ਸੂਚੀ ਜਾਰੀ ਕੀਤਿਆਂ ਜੇਲ੍ਹ ਵਿੱਚ ਬੰਦ ਰੱਖਿਆ ਹੈ। ਨਵਾਂ ਖੇਤੀ ਐਕਟ ਲਿਆਉਣ ਤੇ ਮੰਡੀਆਂ ਸਮੇਤ ਐੱਮ ਐੱਸ ਪੀ ਖਤਮ ਕਰਨ ਸਮੇਤ ਲਈ ਪ੍ਰਾਈਵੇਟ ਅਜਾਰੇਦਾਰਾਂ ਦਾ ਪੱਖ ਪੂਰ ਰਹੀ ਹੈ।
ਭੁਪਿੰਦਰ ਸਾਂਬਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਮੰਗਾਂ ਫੌਰਨ ਮੰਨਣ ਦੀ ਮੰਗ ਕੀਤੀ। ਕਰਮ ਚੰਦ ਭਾਰਦਵਾਜ ਨੇ ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਵਰਕਾਮ ਤੇ ਟਰਾਂਸਕੋ ਦੇ ਅਧਿਕਾਰੀ ਜਥੇਬੰਦੀਆਂ ਨਾਲ ਫੈਸਲੇ ਕਰਕੇ ਲਾਗੂ ਨਹੀਂ ਕਰਦੇ। ਉਨ੍ਹਾ ਖਾਲੀ ਪੋਸਟਾਂ ਭਰਨ, ਨਵੀਂ ਭਰਤੀ ਕਰਨ, ਆਰ ਟੀ ਐੱਮ ਸਮੇਤ ਹੋਰ ਕੈਟਾਗਰੀਆਂ ਨੂੰ ਪੇ ਬੈਂਡ ਦੇਣ, ਅਪ੍ਰੈਂਟਿਸ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਨੂੰ ਨਿਯੁਕਤੀ ਪੱਤਰ ਦੇਣ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਆਦਿ ਮੰਗਾਂ ਮੰਨਣ ਅਤੇ ਅਨਾਮਲੀਜ਼ ਦੂਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਡੀ ਏ ਦੀਆਂ ਕਿਸ਼ਤਾਂ ਤੇ ਏਰੀਅਰ ਦੇਣ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਉਹਨਾਂ ਪਰਖਕਾਲ ਮੁਲਾਜ਼ਮਾਂ ਨੂੰ ਪੂਰਾ ਸਕੇਲ ਦੇਣ, ਗਰਿਡ ਸਟਾਫ ਦੀਆਂ ਮੰਗਾਂ ਮੰਨਣ ਸਮੇਤ ਬਿਜਲੀ ਕਾਮਿਆਂ ਤੋਂ ਅਣ-ਅਧਿਕਾਰਤ ਡਿਊਟੀ ਨਾ ਲੈਣ ਦੀ ਮੰਗ ਕੀਤੀ। ਵੱਖ-ਵੱਖ ਮਤਿਆਂ ਰਾਹੀਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਅਤੇ ਮੰਗਾਂ ਮੰਨਣ ਦੀ ਮੰਗ ਕੀਤੀ ਗਈ। ਠੇਕੇਦਾਰੀ ਸਿਸਟਮ ਬੰੰਦ ਕਰਨ, ਬਿਜਲੀ ਐਕਟ 2022 ਰੱਦ ਕਰਨ, ਮੁੜ ਬਿਜਲੀ ਨਿਗਮ ਬਣਾਉਣ ਸਮੇਤ ਹੋਰਨਾਂ ਮੰਗਾਂ ਤੇ ਚਾਨਣਾ ਪਾ ਕੇ ਸਾਂਝੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਲ 2025 ਦਾ ਕੈਲੰਡਰ ਅਤੇ ਛੱਲੇ ਅਣਖੀ ਦੀ ਯਾਦ ਵਿੱਚ ਜਾਰੀ ਕੀਤੇ ਗਏ। ਸਾਥੀ ਭਗਵਾਨ ਸਿੰਘ ਅਣਖੀ ਅਤੇ ਸਾਥੀ ਬਲਵਿੰਦਰ ਸਿੰਘ ਸੰਧੂ ਦੇ ਪਵਿਾਰ ਨੂੰ ਸਨਮਾਨਤ ਕੀਤਾ ਗਿਆ। ਜਰਨੈਲ ਸਿੰਘ ਔਲਖ ਵੱਲੋਂ ਬਾਹਰੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਪਟਿਆਲਾ ਸਰਕਲ ਦੇ ਸਾਥੀਆਂ ਦਾ ਲੰਗਰ ਅਤੇ ਚਾਹ-ਪਾਣੀ ਦੇ ਪ੍ਰਬੰਧ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਬਿੰਦਰ ਸਿੰਘ, ਬਿ੍ਰਜ ਲਾਲ, ਲੱਲੂ ਰਾਮ, ਅਮਰੀਕ ਸਿੰਘ ਖੰਨਾ, ਨਛੱਤਰ ਸਿੰਘ ਰਣੀਆ, ਜੰਗੀਰ ਸਿੰਘ ਕਟਾਰੀਆ, ਸੁਖਦੇਵ ਸਿੰਘ ਬੱਗੀ ਪਤਨੀ, ਮਨਿੰਦਰ ਸਿੰਘ, ਅਭਿਸ਼ੇਕ ਰਤਨ, ਅੰਕਿਤ ਸ਼ਰਮਾ, ਬੀ ਐੱਸ ਸੈਣੀ, ਜਨਰਲ ਸਕੱਤਰ ਤੇ ਅਮਰੀਕ ਸਿੰਘ ਨੂਰਪੁਰ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਵਿਛੜੇ ਸਾਥੀਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗਾਂ ਮੰਨਣ ਦੀ ਮੰਗ ਕੀਤੀ। ਨਾਹਰਿਆਂ ਦੀ ਗੂੰਜ ਵਿੱਚ ਸ਼ਰਧਾਂਜਲੀ ਸਮਾਗਮ ਸਮਾਪਤ ਕੀਤਾ ਗਿਆ।





