ਲੁਧਿਆਣਾ (ਐੱਮ ਐੱਸ ਭਾਟੀਆ)
ਖੱਬੀਆਂ ਪਾਰਟੀਆਂ ਦੇ ਸੱਦੇ ’ਤੇ ਸੋਮਵਾਰ ਸੀ ਪੀ ਆਈ, ਸੀ ਪੀ ਐੱਮ ਅਤੇ ਆਰ ਐੱਮ ਪੀ ਆਈ ਵੱਲੋਂ ਗਾਜ਼ਾ ਵਿੱਚ ਯੁੱਧ ਦਾ ਅੰਤ, ਫਲਸਤੀਨ ਨਾਲ ਏਕਤਾ ਦਿਵਸ ਮਨਾਉਣ ਦੇ ਸੰਬੰਧ ਵਿੱਚ ਨਵੀਆਂ ਕਚਹਿਰੀਆਂ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅੱਜ ਗਾਜ਼ਾ ਵਿੱਚ ਇਜ਼ਰਾਈਲ ਦੀ ਨਸਲਕੁਸ਼ੀ ਦੀ ਲੜਾਈ ਦਾ ਇੱਕ ਸਾਲ ਪੂਰਾ ਹੋਣ ਦਾ ਦਿਨ ਹੈ। ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਦੇ ਅੰਦਰ ਹਮਾਸ ਦੇ ਹਮਲੇ ਦਾ ਬਦਲਾ ਲੈਣ ਦੇ ਨਾਂਅ ’ਤੇ ਇਜ਼ਰਾਈਲੀ ਹਥਿਆਰਬੰਦ ਬਲਾਂ ਨੇ ਗਾਜ਼ਾ ਵਿੱਚ ਫਲਸਤੀਨੀਆਂ ’ਤੇ ਬੇਰਹਿਮੀ ਨਾਲ ਅੰਨ੍ਹੇਵਾਹ ਹਮਲਾ ਕੀਤਾ ਸੀ। ਇਸ ਯੁੱਧ ਦੇ ਨਤੀਜੇ ਵਜੋਂ ਲੱਗਭੱਗ 42,000 ਫਲਸਤੀਨੀ, ਮੁੱਖ ਤੌਰ ’ਤੇ ਔਰਤਾਂ ਅਤੇ ਬੱਚੇ ਮਾਰੇ ਗਏ ਹਨ। ਹਜ਼ਾਰਾਂ ਹੋਰ ਮਲਬੇ ਹੇਠ ਦੱਬੇ ਹੋਏ ਹਨ। ਇਜ਼ਰਾਈਲ ਨੇ ਰਿਹਾਇਸ਼ੀ ਇਮਾਰਤਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਆਪਣੇ ਬੇਰਹਿਮ ਹਵਾਈ ਅਤੇ ਜ਼ਮੀਨੀ ਬੰਬਾਰੀ ਤੋਂ ਵੀ ਨਹੀਂ ਬਖਸ਼ਿਆ ।
ਪ੍ਰਸਿੱਧ ਮੈਡੀਕਲ ਜਰਨਲ ‘ਦਿ ਲੈਂਸੇਟ’ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 85,000 (6 ਅਗਸਤ ਤੱਕ) ਤੋਂ ਉੱਪਰ ਹੋ ਸਕਦੀ ਹੈ, ਜੋ ਕਿ ਸਿੱਧੇ ਅਤੇ ਅਸਿੱਧੇ ਦੋਵਾਂ ਮੌਤਾਂ ਦੀ ਗਿਣਤੀ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ ਸੀ ਜੇ) ਨੇ ਇਸ ਸਾਲ ਜਨਵਰੀ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਸੰਭਾਵਿਤ ਨਸਲਕੁਸ਼ੀ ਦਾ ਕਾਰਨ ਕਰਾਰ ਦਿੱਤਾ ਸੀ ਅਤੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਬੰਦ ਕਰਨ ਲਈ ਕਿਹਾ ਸੀ। ਇਜ਼ਰਾਈਲ ਨੇ ਹੁਣ ਤੱਕ ਜੰਗਬੰਦੀ ਲਈ ਸਾਰੀਆਂ ਸਾਰਥਿਕ ਗੱਲਾਂਬਾਤਾਂ ਨੂੰ ਰੱਦ ਕਰ ਦਿੱਤਾ ਹੈ।
ਇੰਨਾ ਹੀ ਨਹੀਂ, ਇਜ਼ਰਾਈਲ ਨੇ ਪੂਰੇ ਸਾਲ ਦੌਰਾਨ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਫਲਸਤੀਨੀਆਂ ’ਤੇ ਹਮਲੇ ਕੀਤੇ ਹਨ। ਇਜ਼ਰਾਈਲ ਨੇ ਬੰਬਾਂ ਨੂੰ ਟਰਿੱਗਰ ਕਰਨ ਅਤੇ ਲਿਬਨਾਨ ਵਿੱਚ ਸੰਘਰਸ਼ ਨੂੰ ਵਧਾਉਣ ਲਈ ਵੱਡੇ ਪੱਧਰ ’ਤੇ ਪੇਜਰਾਂ ਅਤੇ ਹੋਰ ਸੰਚਾਰ ਸਾਧਨਾਂ ਦੀ ਵਰਤੋਂ ਕੀਤੀ ਹੈ।
ਦੁਨੀਆ ਭਰ ਵਿੱਚ ਲੱਖਾਂ ਲੋਕ ਇਜ਼ਰਾਈਲੀ ਨਸਲਕੁਸ਼ੀ ਯੁੱਧ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਯੁੱਧ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਵਹਿਸ਼ੀ ਜੰਗ ਦੀ ਪਹਿਲੀ ਬਰਸੀ ਮੌਕੇ ਭਾਰਤ ਦੇ ਅਮਨ-ਪਸੰਦ ਲੋਕ ਜੰਗ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕਰਦੇ ਹਨ।ਖੱਬੀਆਂ ਪਾਰਟੀਆਂ 7 ਅਕਤੂਬਰ, 2024 ਨੂੰ ਤੁਰੰਤ ਜੰਗਬੰਦੀ ਅਤੇ ਦੁਸ਼ਮਣੀ ਖਤਮ ਕਰਨ ਦੇ ਸੱਦੇ ਨਾਲ ਮਨਾ ਰਹੀਆਂ ਹਨ। ਆਗੂਆਂ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ ਦੇ ਸਾਰੇ ਨਿਰਯਾਤ ਨੂੰ ਰੋਕਣ ਅਤੇ ਦੋ-ਰਾਜਾਂ ਵਾਲੇ ਹੱਲ ਲਈ ਕੰਮ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਇੱਕ ਸੁਤੰਤਰ ਫਲਸਤੀਨੀ ਰਾਜ ਹੋਂਦ ਵਿੱਚ ਆ ਸਕੇ।
ਇਸ ਸਮੇਂ ਇਜ਼ਰਾਈਲ ਨੇ ਲਿਬਨਾਨ ’ਤੇ ਹਮਲਾ ਕੀਤਾ ਹੈ ਅਤੇ ਸੀਰੀਆ ਅਤੇ ਇਰਾਕ ਨਾਲ ਜੰਗ ਵੀ ਸ਼ੁਰੂ ਕਰ ਦਿੱਤੀ ਹੈ। ਈਰਾਨ ’ਤੇ ਇਜ਼ਰਾਈਲ ਦੁਆਰਾ ਮਿਜ਼ਾਈਲ ਹਮਲੇ ਤੋਂ ਬਾਅਦ ਈਰਾਨ ਵਿੱਚ ਜੰਗ ਹੋਰ ਵਧ ਗਈ ਹੈ।
ਭਾਰਤ ਦੇ ਦਾਖਲੇ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਵੀ ਵਧ ਰਹੀ ਹੈ।
ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਅਰੁਣ ਮਿੱਤਰਾ, ਐੱਮ ਐੱਸ ਭਾਟੀਆ, ਚਮਕੌਰ ਸਿੰਘ, ਰਮੇਸ਼ ਰਤਨ, ਜਗਦੀਸ਼ ਚੰਦ ਅਤੇ ਡਾਕਟਰ ਗੁਰਵਿੰਦਰ ਸਿੰਘ ਸ਼ਾਮਲ ਸਨ। ਹੋਰਨਾਂ ਤੋਂ ਇਲਾਵਾ ਕਾਮਰੇਡ ਜੋਗਿੰਦਰ ਰਾਮ, ਕੇਵਲ ਸਿੰਘ ਬਨਵੈਤ, ਸਤਨਾਮ ਸਿੰਘ, ਬਲਰਾਮ ਸਿੰਘ, ਅਜੀਤ ਕੁਮਾਰ, ਕੁਲਵੰਤ ਕੌਰ, ਅਜੀਤ ਜਵੱਦੀ, ਡਾ. ਐੱਸ ਕੇ ਨਗੇਸ਼, ਡਾ. ਵਿਨੋਦ ਕੁਮਾਰ, ਰਫੀਕ ਅੰਸਾਰੀ, ਸਰੋਜ ਕੁਮਾਰ ਅਤੇ ਰਾਮ ਚੰਦ ਹਾਜ਼ਰ ਸਨ।
ਸਰਹਾਲੀ ਕਲਾਂ : ਸੀ ਪੀ ਆਈ ਤੇ ਸੀ ਪੀ ਐੱਮ ਦੀ ਕਾਲ ’ਤੇ ਫਲਸਤੀਨ ਦੇ ਹੱਕ ਤੇ ਇਜ਼ਰਾਈਲ ਦੀ ਧੱਕੜਸ਼ਾਹੀ ਦੇ ਵਿਰੁੱਧ ਕਾਮਾਗਾਟਾਮਾਰੂ ਲਹਿਰ ਦੇ ਮੁਖੀ ਬਾਬਾ ਗੁਰਦਿੱਤ ਸਿੰਘ ਦੇ ਪਿੰਡ ਸਰਹਾਲੀ ਕਲਾਂ ਵਿਖੇ ਸੀ ਪੀ ਆਈ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਨੇ ਕਿਹਾ ਕਿ ਇਜ਼ਰਾਈਲ ਫਲਸਤੀਨੀ ਕੌਮ ਨੂੰ ਖਤਮ ਕਰਨ ਦੇ ਰਾਹ ਤੁਰਿਆ ਹੈ, ਜਦੋਂ ਕਿ ਇਜ਼ਰਾਈਲ ਦੀ ਇਹ ਪੈਦਾਇਸ਼ੀ ਧਰਤੀ ਨਹੀਂ । ਸਾਮਰਾਜੀ ਤਾਕਤਾਂ ਅਮਰੀਕਾ ਅਤੇ ਯੂਰਪ ਨੇ ਪਹਿਲਾਂ ਇਜ਼ਰਾਈਲੀਆਂ ਨੂੰ ਯੂਰਪ ਵਿਚੋਂ ਉਜਾੜਿਆ ਤੇ ਉਹ ਡਰਦੇ ਅਰਬ ਖਿੱਤੇ ਵਿੱਚ ਆ ਗਏ ਅਤੇ ਫਿਰ ਇਜ਼ਰਾਈਲੀਆਂ ਨੂੰ ਆਪਣਾ ਹੱਥਕੰਡਾ ਵਰਤਣ ਵਾਸਤੇ ਜ਼ੋਰ-ਜਬਰ ਨਾਲ ਫਲਸਤੀਨ ਦੀ ਧਰਤੀ ’ਤੇ ਬਿਠਾ ਦਿੱਤਾ। ਉਦੋਂ ਤੋਂ ਹੀ ਇਜ਼ਰਾਈਲ ਤੇ ਫਲਸਤੀਨ ਵਿੱਚ ਸੰਘਰਸ਼ ਚੱਲ ਰਿਹਾ ਹੈ। ਇਜ਼ਰਾਈਲ ਦੇ ਪਿੱਛੇ ਅਮਰੀਕਾ ਤੇ ਯੂਰਪ ਦੇ ਕੁਝ ਦੇਸ਼ ਹਨ। ਇਜ਼ਰਾਈਲ ਨੇ ਫਲਸਤੀਨ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ 100000 ਲੱਖ ਤੋਂ ਵਧੇਰੇ ਫਲਸਤੀਨੀ ਜੰਗ ਦੀ ਭੱਠੀ ਵਿੱਚ ਝੁਲਸ ਚੁੱਕੇ ਹਨ ਅਤੇ ਲੱਖਾਂ ਫਲਸਤੀਨੀ ਆਪਣੀ ਜਾਨ ਬਚਾਉਣ ਲਈ ਗੁਆਂਢੀ ਦੇਸ਼ਾਂ ਵਿੱਚ ਹਿਜਰਤ ਕਰ ਗਏ ਹਨ। ਹੁਣ ਫ਼ਲਸਤੀਨੀਆਂ ਦੇ ਹੱਕ ਵਿੱਚ ਅਰਬ ਦੇ ਦੂਜੇ ਦੇਸ਼ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਇਸ ਪ੍ਰਸਥਿਤੀ ਵਿੱਚ ਸੰਸਾਰ ਜੰਗ ਵੀ ਲੱਗ ਸਕਦੀ ਹੈ। ਰੂਸ ਤੇ ਯੂਕਰੇਨ ਦੀ ਜੰਗ ਪਹਿਲਾਂ ਹੀ ਚੱਲ ਰਹੀ ਹੈ। ਇਸ ਜੰਗ ਵਿੱਚ ਵੀ ਅਮਰੀਕਾ ਯੂਕਰੇਨ ਦੀ ਮਦਦ ਇਸ ਕਰਕੇ ਕਰ ਰਿਹਾ ਹੈ ਕਿ ਯੂਕਰੇਨ ਵਿੱਚ ਨਾਟੋ ਦਾ ਅੱਡਾ ਬਣਾ ਕੇ ਰੂਸ, ਚੀਨ ਅਤੇ ਇਸ ਤੋਂ ਅੱਗੇ ਪੂਰੇ ਏਸ਼ੀਆ ਨੂੰ ਘੇਰਿਆ ਜਾਵੇ।
ਆਗੂਆਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੀਆਂ ਜੰਗਾਂ ਪਿੱਛੇ ਸਾਮਰਾਜੀ ਤਾਕਤਾਂ ਦੀ ਸੋਚ ਇਹ ਕੰਮ ਕਰ ਰਹੀ ਹੈ ਕਿ ਲੋਕ ਆਪਣੇ ਰੁਜ਼ਗਾਰ, ਵਿਦਿਆ, ਸਿਹਤ ਤੇ ਰਹਾਇਸ਼ ਲਈ ਲੜਨ ਦੀ ਥਾਂ ਜੰਗਾਂ ਦੀ ਉਲਝਨ ਵਿੱਚ ਫਸੇ ਰਹਿਣ, ਜਦੋਂ ਕਿ ਹਾਲਤ ਇਹ ਹਨ ਕਿ ਇਸ ਵੇਲੇ ਯੂਰਪ ਅਤੇ ਅਮਰੀਕਾ ਵੀ ਬੇਰੁਜ਼ਗਾਰੀ, ਗਰੀਬੀ ਤੇ ਭੁੱਖਮਰੀ ਦੀ ਅੱਗ ਵਿੱਚ ਝੁਲਸ ਰਹੇ ਹਨ। ਇਸੇ ਕਰਕੇ ਹੀ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕਣ ਤੇ ਕੈਨੇਡਾ ’ਚੋਂ ਬਾਹਰ ਕੱਢਣ ਲਈ ਕਾਨੂੰਨ ਏਨੇ ਸਖ਼ਤ ਬਣਾ ਦਿੱਤੇ ਹਨ ਕਿ ਕੋਈ ਵੀ ਵਿਦਿਆਰਥੀ ਇਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਸਕਦਾ। ਇਸ ਦੀ ਤਾਜ਼ਾ ਮਿਸਾਲ ਹਿੰਦੁਸਤਾਨ ਦੇ ਵਿਦਿਆਰਥੀ ਖਾਸ ਕਰਕੇ ਪੰਜਾਬ ਦੇ ਬਰੈਂਪਟਨ ਵਿੱਚ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇੇ 40-40 ਲੱਖ ਰੁਪਏ ਕੈਨੇਡਾ ਪਹੁੰਚਣ ਲਈ ਖਰਚੇ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਿਆ ਹੈ। ਆਗੂਆਂ ਕਿਹਾ ਕਿ ਹਿੰਦੁਸਤਾਨ ਦੀ ਜਵਾਨੀ ਨੂੰ ਰੁਜ਼ਗਾਰ ਦੇਣ ਵਾਸਤੇ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ, ਜਿਸ ਰਾਹੀਂ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿੱਤਾ ਜਾਵੇ। ਜਿੰਨਾ ਚਿਰ ਤੱਕ ਰੁਜ਼ਗਾਰ ਨਹੀਂ ਮਿਲਦਾਸ ਓਨਾ ਚਿਰ ਤੱਕ ਜਿਉਦੇ ਰਹਿਣ ਲਈ ਘੱਟੋ-ਘੱਟ ਉਜਰਤ ਦੇ ਬਰਾਬਰ ਕੰਮ ਇੰਤਜ਼ਾਰ ਭੱਤਾ ਮਿਲੇ।
ਇਸ ਮੌਕੇ ਸੀ ਪੀ ਆਈ ਬਲਾਕ ਨੌਸ਼ਹਿਰਾ ਤੇ ਚੋਹਲਾ ਸਾਹਿਬ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ, ਗੌਰਵਜੀਤ ਸਿੰਘ, ਬੱਗਾ ਸਿੰਘ, ਵਿੱਕੀ, ਹੈਪੀ, ਕੁਲਦੀਪ ਸਿੰਘ, ਸੁਖਵਿੰਦਰ ਕੌਰ, ਨਿੰਦਰ ਕੌਰ, ਪ੍ਰੀਤਮ ਕੌਰ, ਸੀਮਾ, ਰਾਣੀ ਤੇ ਬਲਜੀਤ ਕੌਰ ਵੀ ਹਾਜ਼ਰ ਸਨ।
ਮੁਕਤਸਰ ਸਾਹਿਬ (ਸ਼ਮਿੰਦਰ ਪਾਲ, ਪੂਜਾ) : ਮੁਕਤਸਰ ਸਾਹਿਬ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤੇ ਸੀ ਪੀ ਆਈ (ਐੱਮ ਐਲ) ਨਿਊ ਡੈਮੋਕਰੇਸੀ ਵੱਲੋਂ ਸੋਮਵਾਰ ਸੀ ਪੀ ਆਈ ਦਫ਼ਤਰ ’ਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਰੂਪ, ਕਾਮਰੇਡ ਜਗਜੀਤ ਸਿੰਘ ਜੱਸੇਆਣਾ ਤੇ ਕਾਮਰੇਡ ਤਰਸੇਮ ਨੇ ਕੀਤੀ। ਇਸ ਦੌਰਾਨ ਅਮਰੀਕੀ ਸਾਮਰਾਜ ਤੇ ਜੰਗਬਾਜ਼ ਇਜ਼ਰਾਇਲ ਵੱਲੋਂ ਫਲਸਤੀਨ ਉੱਤੇ ਨਿਹੱਕੀ ਥੋਪੀ ਗਈ ਜੰਗ ਵਿੱਚ ਮਾਰੇ ਗਏ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿੱਚ ਮਾਸੂਮ ਬੱਚੇ ਤੇ ਔਰਤਾਂ ਸ਼ਾਮਲ ਹਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੰਮੀ ਚੱਲੀ ਮੀਟਿੰਗ ਵਿੱਚ ਮੋਦੀ ਸਰਕਾਰ ’ਤੇ ਭਾਰਤ ਦੀ ਪੁਰਾਣੀ ਵਿਦੇਸ਼ ਨੀਤੀ ਛੱਡ ਕੇ ਅਮਰੀਕਨ ਸਾਮਰਾਜ ਦੇ ਥੱਲੇ ਲੱਗਣ ਦਾ ਦੋਸ਼ ਲਾਇਆ ਗਿਆ ਤੇ ਕਿਹਾ ਹਿਟਲਰਸ਼ਾਹੀ ਮੋਦੀ ਹਕੂਮਤ ਨੇ ਫ਼ਲਸਤੀਨ ਦੇ ਮਾਰੇ ਗਏ ਬੇਦੋਸ਼ੇ ਜਨਸਮੂਹਾਂ ਬਾਰੇ ਕੋਈ ਹਾਅ ਦਾ ਨਾਹਰਾ ਤਾਂ ਕੀ ਮਾਰਨਾ ਸੀ, ਸਗੋਂ ਮੋਦੀ ਸਰਕਾਰ ਨੇ ਲੋਕਾਂ ਨੂੰ ਜੰਗ ਦੀ ਭੱਠੀ ਵਿੱਚ ਝੋਕਣ ਵਾਲੇ ਇਜ਼ਰਾਈਲ ਦਾ ਖੂਬ ਸਾਥ ਦਿੱਤਾ।
ਆਗੂਆਂ ਕਿਹਾ ਕਿ ਫੌਰੀ ਜੰਗਬੰਦੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇੱਕ ਸਾਲ ਹੋ ਗਿਆ ਹੈ ਜੰਗ ਲੱਗੀ ਨੂੰ, ਪਰ ਅਮਰੀਕਾ ਨਹੀਂ ਚਾਹੁੰਦਾ ਕਿ ਜੰਗ ਬੰਦ ਹੋਵੇ, ਕਿਉਕਿ ਉਹ ਜੰਗ ਵਿੱਚ ਆਪਣੇ ਹਥਿਆਰ ਵੇਚ ਕੇ ਖੂਬ ਧਨ ਕਮਾ ਰਿਹਾ ਹੈ। ਆਗੂਆਂ ਕਿਹਾ ਕਿ ਲੋਕਾਈ ਲਈ ਪੰਜਾਬ ਵਿੱਚ ਖੱਬੇ-ਪੱਖੀ ਪਾਰਟੀਆਂ ਹੀ ਲੜਨ ਵਾਲੀਆਂ ਹਨ ਅਤੇ ਇਸ ਮੌਕੇ ਫਾਸ਼ੀ ਤਾਕਤਾਂ ਦਾ ਖ਼ਤਰਾ ਜਿਉਂ ਦਾ ਤਿਉਂ ਸਾਹਮਣੇ ਖੜ੍ਹਾ ਹੈ। ਕਾਮਰੇਡ ਜਗਰੂਪ ਅਤੇ ਕਾਮਰੇਡ ਹਰਲਾਬ ਸਿੰਘ ਨੇ ਕਿਹਾ ਕਿ ਸਾਡੇ ਹਮੇਸ਼ਾ ਯਤਨ ਇਹੀ ਰਹਿਣਗੇ ਕਿ ਪੰਜਾਬ ਵਿੱਚ ਮੋਰਚੇ ਵਿੱਚ ਸੀ ਪੀ ਐੱਮ ਸ਼ਾਮਲ ਹੀ ਨਾ ਹੋਵੇ, ਸਗੋਂ ਦੇਸ਼ ’ਚ ਵੱਡੀ ਧਿਰ ਹੋਣ ਦੇ ਨਾਤੇ ਉਹ ਪੰਜਾਬ ਵਿੱਚ ਖੱਬੇ ਪੱਖੀ ਲਹਿਰ ਦੀ ਅਗਵਾਈ ਕਰੇ। ਉਕਤ ਆਗੂਆਂ ਇਹ ਵੀ ਕਿਹਾ ਕਿ ਆਰ ਐੱਸ ਐੱਸ ਵੱਲੋਂ ਮਾਲਵਾ ਖੇਤਰ ਵਿੱਚ ਗਰੀਬਾਂ ਵਿੱਚ ਫਿਰਕੂ ਵਿਚਾਰਧਾਰਾ ਫੈਲਾਉਣ ਦਾ ਡਟਵਾਂ ਜਵਾਬ ਦਿੱਤਾ ਜਾਵੇਗਾ ਅਤੇ ਇਸ ਫ਼ਿਰਕੂ ਅਤੇ ਵੰਡਪਾਊ ਨੀਤੀ ਖਿਲਾਫ ਵਿਚਾਰਧਾਰਕ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਕਰਮ ਸਿੰਘ ਮਦਰੱਸਾ, ਜਰਨੈਲ ਸਿੰਘ ਸੀਰਵਾਲੀ, ਰਾਜਕੁਮਾਰ ਸੀ ਪੀ ਐੱਮ ਤੇ ਬੋਹੜ ਸਿੰਘ ਸੁਖ਼ਨਾ ਸੀ ਪੀ ਆਈ ਵੀ ਸ਼ਾਮਲ ਸਨ।