ਇੰਦੌਰ : ਭਾਰਤ ਨੂੰ ਸੱਚੀ ਆਜ਼ਾਦੀ ਪਿਛਲੇ ਸਾਲ ਉਸ ਦਿਨ ਮਿਲੀ, ਜਦੋਂ ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਇਹ ਗੱਲ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਕਹੀ। ਉਨ੍ਹਾ ਮੁਤਾਬਕ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ ‘ਪ੍ਰਤਿਸ਼ਠਾ ਦਵਾਦਸ਼ੀ’ ਦੇ ਰੂਪ ਵਿੱਚ ਮਨਾਈ ਜਾਣੀ ਚਾਹੀਦੀ ਹੈ, ਕਿਉਕਿ ਅਨੇਕ ਸਦੀਆਂ ਤੋਂ ਦੁਸ਼ਮਣ ਦੇ ਹਮਲੇ ਝੱਲਣ ਵਾਲੇ ਦੇਸ਼ ਦੀ ਸੱਚੀ ਆਜ਼ਾਦੀ ਇਸੇ ਦਿਨ ਪ੍ਰਤਿਸ਼ਠਤ ਹੋਈ ਸੀ।
ਸ੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਨਿਆਸ ਦੇ ਜਨਰਲ ਸਕੱਤਰ ਚੰਪਤ ਰਾਇ ਨੂੰ ਸੋਮਵਾਰ ਇੱਥੇ ‘ਰਾਸ਼ਟਰੀ ਦੇਵੀ ਅਹੱਲਿਆ ਪੁਰਸਕਾਰ’ ਪ੍ਰਦਾਨ ਕਰਨ ਮੌਕੇ ਭਾਗਵਤ ਨੇ ਕਿਹਾ ਕਿ ਹਿੰਦੂ ਪੰਚਾਂਗ ਮੁਤਾਬਕ ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪਿਛਲੇ ਸਾਲ ਪੋਹ ਮਹੀਨੇ ਦੇ ਸ਼ੁਕਲ ਪੱਕਸ਼ ਦੀ ਦਵਾਦਸ਼ੀ ਨੂੰ ਹੋਈ ਸੀ। ਉਦੋਂ ਗੇ੍ਰਗੋਰਿਅਨ ਕੈਲੰਡਰ ਵਿੱਚ 22 ਜਨਵਰੀ 2024 ਦੀ ਤਰੀਕ ਸੀ। ਇਸ ਲਈ ਪੋਹ ਸ਼ੁਕਲ ਪੱਕਸ਼ ਦਵਾਦਸ਼ੀ ਦੀ ਤਰੀਕ 11 ਜਨਵਰੀ ਨੂੰ ਪਈ। ਪੋਹ ਸ਼ੁਕਲ ਦਵਾਦਸ਼ੀ ਦਾ ਨਵਾਂ ਨਾਮਕਰਣ ‘ਪ੍ਰਤਿਸ਼ਠਾ ਦਵਾਦਸ਼ੀ’ ਦੇ ਰੂਪ ਵਿੱਚ ਹੋਇਆ ਹੈ। ਦੇਸ਼ ਦੀ ਸੱਚੀ ਆਜ਼ਾਦੀ ਇਸੇ ਦਿਨ ਮਨਾਈ ਜਾਣੀ ਚਾਹੀਦੀ ਹੈ।
ਭਾਗਵਤ ਨੇ ਕਿਹਾ ਕਿ 15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜ਼ਾਂ ਤੋਂ ‘ਸਿਆਸੀ ਆਜ਼ਾਦੀ’ ਮਿਲਣ ਦੇ ਬਾਅਦ ਉਸ ਖਾਸ ਨਜ਼ਰੀਏ ਦੇ ਦਿਖਾਏ ਰਾਹ ਮੁਤਾਬਕ ਲਿਖਤੀ ਸੰਵਿਧਾਨ ਬਣਾਇਆ ਗਿਆ, ਜੋ ਦੇਸ਼ ਦੇ ‘ਸਵੈ’ ਤੋਂ ਨਿਕਲਦਾ ਹੈ, ਪਰ ਇਹ ਸੰਵਿਧਾਨ ਉਸ ਨਜ਼ਰੀਏ ਮੁਤਾਬਕ ਨਹੀਂ ਚੱਲਿਆ। ਭਗਵਾਨ ਰਾਮ, �ਿਸ਼ਨ ਤੇ ਸ਼ਿਵ ਦੇ ਪ੍ਰਸਤੁਤ ਆਦਰਸ਼ ਤੇ ਕਦਰਾਂ-ਕੀਮਤਾਂ ‘ਭਾਰਤ ਦੇ ਸਵੈ’ ਵਿੱਚ ਸ਼ਾਮਲ ਹਨ ਅਤੇ ਅਜਿਹੀ ਗੱਲ ਕਤਈ ਨਹੀਂ ਕਿ ਇਹ ਸਿਰਫ ਉਨ੍ਹਾਂ ਲੋਕਾਂ ਦੇ ਦੇਵਤਾ ਹਨ, ਜਿਹੜੇ ਉਨ੍ਹਾਂ ਦੀ ਪੂਜਾ ਕਰਦੇ ਹਨ। ਹਮਲਾਵਰਾਂ ਨੇ ਦੇਸ਼ ਦੇ ਮੰਦਰਾਂ ਨੂੰ ਇਸ ਕਰਕੇ ਤਬਾਹ ਕੀਤਾ ਤਾਂ ਜੋ ਭਾਰਤ ਦਾ ‘ਸਵੈ’ ਮਰ ਜਾਵੇ। ਰਾਮ ਮੰਦਰ ਅੰਦੋਲਨ ਕਿਸੇ ਵਿਅਕਤੀ ਦਾ ਵਿਰੋਧ ਕਰਨ ਜਾਂ ਵਿਵਾਦ ਪੈਦਾ ਕਰਨ ਲਈ ਨਹੀਂ ਸ਼ੁਰੂ ਕੀਤਾ ਗਿਆ ਸੀ। ਇਹ ਅੰਦੋਲਨ ਭਾਰਤ ਦਾ ‘ਸਵੈ’ ਜਾਗਰਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਤਾਂ ਕਿ ਦੇਸ਼ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਦੁਨੀਆ ਨੂੰ ਰਾਹ ਦਿਖਾ ਸਕੇ। ਅੰਦੋਲਨ ਇਸ ਕਰਕੇ ਏਨਾ ਲੰਮਾ ਚੱਲਿਆ, ਕਿਉਕਿ ਕੁਝ ਸ਼ਕਤੀਆਂ ਚਾਹੁੰਦੀਆਂ ਸਨ ਕਿ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਜਨਮ ਭੂਮੀ ’ਤੇ ਉਨ੍ਹਾ ਦਾ ਮੰਦਰ ਨਾ ਬਣੇ। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੌਰਾਨ ਦੇਸ਼ ਵਿੱਚ ਕੋਈ ਝਗੜਾ ਨਹੀਂ ਹੋਇਆ ਤੇ ਲੋਕ ‘ਪਵਿੱਤਰ ਮਨ’ ਨਾਲ ਪ੍ਰਾਣ ਪ੍ਰਤਿਸ਼ਠਾ ਦੇ ਪਲ ਦੇ ਗਵਾਹ ਬਣੇ।
ਭਾਗਵਤ ਨੇ ਤੱਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ, ਜਦੋਂ ਘਰ ਵਾਪਸੀ (ਧਰਮ ਬਦਲਣ ਵਾਲਿਆਂ ਦਾ ਮੂਲ ਧਰਮ ਵਿੱਚ ਪਰਤਣਾ) ਦਾ ਮੁੱਦਾ ਸੰਸਦ ’ਚ ਗਰਮਾਇਆ ਹੋਇਆ ਸੀ। ਭਾਗਵਤ ਨੇ ਕਿਹਾਇਸ ਮੁਲਾਕਾਤ ਦੌਰਾਨ ਮੁਖਰਜੀ ਨੇ ਮੈਨੂੰ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਸੈਕੂਲਰ ਸੰਵਿਧਾਨ ਹੈ ਅਤੇ ਅਜਿਹੇ ਵਿੱਚ ਦੁਨੀਆ ਨੂੰ ਸਾਨੂੰ ਸੈਕੂਲਰਿਜ਼ਮ ਸਿਖਾਉਣ ਦਾ ਭਲਾ ਕੀ ਅਧਿਕਾਰ ਹੈ। ਮੁਖਰਜੀ ਨੇ ਇਹ ਵੀ ਕਿਹਾ ਕਿ 5000 ਸਾਲ ਦੀ ਭਾਰਤੀ ਪਰੰਪਰਾ ਨੇ ਸਾਨੂੰ ਸੈਕੂਲਰਿਜ਼ਮ ਹੀ ਸਿਖਾਇਆ ਹੈ। ਮੁਖਰਜੀ ਜਿਹੜੀ ਭਾਰਤੀ ਪਰੰਪਰਾ ਦਾ ਜ਼ਿਕਰ ਕਰ ਰਹੇ ਸਨ, ਉਹ ਰਾਮ, ਕਿ੍ਰਸ਼ਨ ਤੇ ਸ਼ਿਵ ਤੋਂ ਸ਼ੁਰੂ ਹੋਈ ਹੈ।
ਭਾਗਵਤ ਨੇ ਕਿਹਾਮੈਂ ਰਾਮ ਮੰਦਰ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਪੁੱਛਦਾ ਸੀ ਕਿ 1947 ਵਿੱਚ ਆਜ਼ਾਦ ਹੋਣ ਦੇ ਬਾਅਦ ਸਮਾਜਵਾਦ ਦੀਆਂ ਗੱਲਾਂ ਕਰਨ, ਗਰੀਬੀ ਹਟਾਓ ਦੇ ਨਾਅਰੇ ਦੇਣ ਤੇ ਪੂਰੇ ਸਮੇਂ ਲੋਕਾਂ ਦੀ ਰੋਜ਼ੀ-ਰੋਟੀ ਦੀ ਚਿੰਤਾ ਕਰਨ ਦੇ ਬਾਵਜੂਦ ਭਾਰਤ 1980 ਦੇ ਦਹਾਕੇ ’ਚ ਕਿੱਥੇ ਖੜ੍ਹਾ ਹੈ ਅਤੇ ਇਜ਼ਰਾਈਲ ਤੇ ਜਾਪਾਨ ਵਰਗੇ ਦੇਸ਼ ਕਿੱਥੇ ਪੁੱਜ ਗਏ ਹਨ?
ਆਜ਼ਾਦੀ ਲਹਿਰ ਬਾਰੇ ਸੰਘ ਦਾ ਨਜ਼ਰੀਆ ਵੱਖਰਾ ਹੀ ਰਿਹਾ ਹੈ। 1950 ਵਿੱਚ ਪਹਿਲੇ ਗਣਤੰਤਰ ਦਿਵਸ ਤੋਂ ਬਾਅਦ ਸੰਘ ਨੇ ਆਪਣੇ ਨਾਗਪੁਰ ਹੈੱਡਕੁਆਰਟਰ ’ਚ ਕਦੇ ਵੀ ਤਿਰੰਗਾ ਨਹੀਂ ਲਹਿਰਾਇਆ। ਉਹ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ’ਤੇ ਓਮ ਉਕਰਿਆ ਭਗਵਾਂ ਝੰਡਾ ਹੀ ਲਹਿਰਾਉਦਾ ਰਿਹਾ। ਵਿਵਾਦਗ੍ਰਸਤ ਬਿਆਨ ਦੇਣ ਲਈ ਜਾਣੇ ਜਾਂਦੇ ਭਾਗਵਤ ਨੇ 2018 ਵਿੱਚ ਕਿਹਾ ਸੀ ਕਿ ਸੰਘ ਭਾਰਤੀ ਫੌਜ ਨਾਲੋਂ ਵੀ ਤੇਜ਼ੀ ਨਾਲ ਫੌਜ ਤਿਆਰ ਕਰ ਸਕਦਾ ਹੈ। ਉਸ ਨੇ 2017 ਵਿੱਚ ਕਿਹਾ ਸੀ ਕਿ ਭਾਰਤ ਵਿੱਚ ਜੰਮਣ ਵਾਲਾ ਹਰ ਵਿਅਕਤੀ ਹਿੰਦੂ ਹੈ।
ਆਜ਼ਾਦੀ ਦੀ ਤਰੀਕ ਬਾਰੇ ਕਿੰਤੂ ਕਰਨ ਵਾਲੇ ਭਾਗਵਤ ਪਹਿਲੇ ਨਹੀਂ ਹਨ। ਅਦਾਕਾਰਾ ਕੰਗਣਾ ਰਣੌਤ ਨੇ ਨਵੰਬਰ 2021 ਵਿੱਚ ਕਿਹਾ ਸੀ15 ਅਗਸਤ ਵਾਲੀ ਆਜ਼ਾਦੀ ਨਹੀਂ ਥੀ, ਵੋ ਭੀਖ ਥੀ। ਔਰ ਜੋ ਆਜ਼ਾਦੀ ਮਿਲੀ ਹੈ, ਵੋ 2014 ਮੇਂ ਮਿਲੀ ਹੈ। (2014 ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ)।
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸਾਂਸਦ ਸੰਜੇ ਰਾਊਤ ਨੇ ਕਿਹਾ ਕਿ ਭਾਗਵਤ ਨੂੰ ਰਾਮ ਲੱਲਾ ਦੇ ਨਾਂਅ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ।