ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ

0
122

ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਮੌਕੇ ਲੋਕ ਸਭਾ ਮੈਂਬਰ ਭਾਈ ਅੰਮਿ੍ਰਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਦੌਰਾਨ ਸਟੇਜ ਤੋਂ 15 ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਬਣਾਉਣ ਦਾ ਐਲਾਨ ਕੀਤਾ ਗਿਆ।
ਸਟੇਜ ਤੋਂ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਪਾਸ ਕੀਤੇ ਮਤੇ ਅਨੁਸਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ ਹੈ। ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ ਹੈ, ਜਿਸ ’ਚ ਤਰਸੇਮ ਸਿੰਘ, ਐੱਮ ਪੀ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਸ਼ਾਮਲ ਕੀਤੇ ਗਏ ਹਨ।
ਨਵੀਂ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਵੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਵਿਸਾਖੀ ਤੱਕ ਮਾਹਰਾਂ ਦੀ ਸਲਾਹ ਨਾਲ ਆਪਣਾ ਕੰਮ ਪੂਰਾ ਕਰੇਗੀ। ਪਾਸ ਕੀਤੇ ਮਤੇ ਮੁਤਾਬਕ ਆਨੰਦਪੁਰ ਸਾਹਿਬ ਮਤੇ ਦੀ ਵਾਪਸੀ ਇਸ ਸਿਆਸੀ ਪਾਰਟੀ ਦਾ ਮੰਤਵ ਹੋਵੇਗਾ। ਇਸੇ ਤਰ੍ਹਾਂ ਵਿਦਿਅਕ ਢਾਂਚੇ ’ਚ ਗੈਰ-ਪੰਜਾਬੀ ਲੋਕਾਂ ਦੇ ਦਖਲ ਨੂੰ ਰੋਕਿਆ ਜਾਵੇਗਾ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।