ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਨੇ ਮੰਗਲਵਾਰ 41 ਸਕਿੰਟ ਦੀ ਇੱਕ ਵੀਡੀਓ ਪੋਸਟ ਕਰਕੇ ਦਿਖਾਇਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਿਵੇਂ ਜ਼ੰਜੀਰਾਂ ਤੇ ਬੇੜੀਆਂ ਵਿੱਚ ਜਕੜ ਕੇ ਜਹਾਜ਼ ’ਚ ਚੜ੍ਹਾਇਆ ਜਾਂਦਾ ਹੈ। ਵੀਡੀਓ ਵਿੱਚ ਸੁਰੱਖਿਆ ਕਰਮੀ ਇੱਕ-ਇੱਕ ਕਰਕੇ ਜ਼ਮੀਨ ’ਤੇ ਹੱਥਕੜੀਆਂ ਤੇ ਬੇੜੀਆਂ ਰੱਖ ਰਹੇ ਹਨ। ਫਿਰ ਲੋਕ ਆਉਦੇ ਹਨ ਤੇ ਉਨ੍ਹਾਂ ਨੂੰ ਜ਼ੰਜੀਰਾਂ ਤੇ ਬੇੜੀਆਂ ਵਿੱਚ ਜਕੜਿਆ ਜਾਂਦਾ ਹੈ। ਵੀਡੀਓ ਦੇ ਅਖੀਰ ਵਿੱਚ ਲੋਕਾਂ ਨੂੰ ਜਹਾਜ਼ ਵਿੱਚ ਚੜ੍ਹਾਉਦੇ ਦਿਖਾਇਆ ਗਿਆ ਹੈ। ਇਸ ਵੀਡੀਓ ਦੀ ਕੈਪਸ਼ਨ ਹੈਏ ਐੱਸ ਐੱਮ ਆਰ-ਇੱਲੀਗਲ ਏਲਿਅਨ ਡਿਪੋਰਟੇਸ਼ਨ ਫਲਾਈਟ। ਇਹ ਕੈਪਸ਼ਨ ਇੱਕ ਤਰ੍ਹਾਂ ਨਾਲ ਅਮਰੀਕਾ ਤੋਂ ਕੱਢੇ ਗਏ ਲੋਕਾਂ ਦਾ ਮਜ਼ਾਕ ਉਡਾਉਣ ਵਰਗੀ ਹੈ ਕਿਉਕਿ ਏ ਐੱਸ ਐੱਮ ਆਰ ਉਹ ਆਵਾਜ਼ਾਂ ਹਨ, ਜਿਹੜੀਆਂ ਤਨਾਅ ਘੱਟ ਕਰਦੀਆਂ ਹਨ, ਸਕੂਨ ਦਿੰਦੀਆਂ ਹਨ ਤੇ ਦਿਮਾਗ ਨੂੰ ਰਿਲੈਕਸ ਕਰਦੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਐਲਨ ਮਸਕ ਨੇ ਲਿਖਿਆਹਾਹਾ ਵਾਹ। ਇਸ ਤੋਂ ਪਹਿਲਾਂ ਉਸ ਨੇ ਵ੍ਹਾਈਟ ਹਾਊਸ ਦੀ ਵੀਡੀਓ ਦੇ ਹੇਠਾਂ ਕੁਮੈਂਟ ਲਿਖਿਆ ਸੀਸੋ ਬੇਸਡ, ਯਾਨੀ ਮੈਂ ਇਸ ਦੀ ਹਮਾਇਤ ਕਰਦਾ ਹਾਂ।



