ਰਾਜਪੁਰਾ/ਪਟਿਆਲਾ
(ਰਮੇਸ਼ ਕਟਾਰੀਆ/ਰਾਜਿੰਦਰ ਸਿੰਘ ਥਿੰਦ)
ਸਦਰ ਰਾਜਪੁਰਾ ਥਾਣੇ ਹੇਠ ਇੱਥੋਂ ਪੰਜ ਕਿੱਲੋਮੀਟਰ ਦੂਰ ਪੈਂਦੇ ਪਿੰਡ ਜਨਸੂਆ ’ਚ ਮਹਿਲਾ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਤਾਲਿਬਾਨੀ ਸਲੂਕ ਦਾ ਮਾਮਲਾ ਸਾਹਮਣੇ ਆਇਆ ਹੈ।
ਮਹਿਲਾ ਦਾ 18 ਸਾਲਾ ਬੇਟਾ ਦੋ ਬੱਚਿਆਂ ਦੀ ਮਾਂ ਨੂੰ ਕਥਿਤ ਤੌਰ ’ਤੇ ਭਜਾ ਕੇ ਲੈ ਗਿਆ ਸੀ ਤੇ ਉਸਦੀ ਭਾਲ ਕੀਤੀ ਜਾ ਰਹੀ ਸੀ। ਜਦੋਂ ਉਸਦੀ ਮਾਂ ਤਿੰਨ ਅਪ੍ਰੈਲ ਨੂੰ ਪਿੰਡ ਪਹੁੰਚੀ ਤਾਂ ਭੱਜਣ ਵਾਲੀ ਔਰਤ ਦੇ ਪਰਵਾਰ ਨੇ ਉਸ ਨੂੰ ਬੰਦੀ ਬਣਾ ਲਿਆ। ਮਾਰਕੁੱਟ ਕਰਦਿਆਂ 45 ਸਾਲਾ ਔਰਤ ਨੂੰ ਪਿੰਡ ਦੇ ਚੌਕ ’ਚ ਲਿਜਾ ਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ। ਇਸ ਦੌਰਾਨ ਉਸਦੇ ਕੱਪੜੇ ਤਕ ਫਟ ਗਏ। ਲੋਕ ਔਰਤ ਦੀ ਇਹ ਬੇਇੱਜ਼ਤੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਇਸ ਦੌਰਾਨ ਕਿਸੇ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਨੇ ਆ ਕੇ ਔਰਤ ਦੇ ਬਿਆਨ ਦੇ ਆਧਾਰ ’ਤੇ ਕੁਲਦੀਪ ਸਿੰਘ, ਵਿੱਕੀ, ਮੋਨੂੰ ਤੇ ਪਿਤਾ ਬਿੱਟੂ ਨਿਵਾਸੀ ਪਿੰਡ ਜਨਸੂਆ, ਵਿਜੈ, ਬਿੱਲੂ, ਪੰਜ ਅਣਪਛਾਤੀਆਂ ਔਰਤਾਂ ਤੇ ਹੋਰ ਦੋ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਚੌਕੀ ਜਨਸੂਆ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਤੇ ਉਸ ਦੇ ਪਿਤਾ ਬਿੱਟੂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਹੋਰਨਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਸ਼ਿਕਾਇਤਕਰਤਾ ਔਰਤ ਅਨੁਸਾਰ ਉਸ ਦਾ ਪਤੀ ਸ਼ਰਾਬ ਪੀ ਕੇ ਝਗੜਾ ਕਰਦਾ ਸੀ, ਜਿਸ ਕਾਰਨ ਉਹ ਆਪਣੇ ਛੋਟੇ ਪੁੱਤ ਨਾਲ ਲੁਧਿਆਣਾ ’ਚ ਰਹਿਣ ਲੱਗੀ ਸੀ। ਤਿੰਨ ਅਪ੍ਰੈਲ ਨੂੰ ਉਹ ਆਪਣੇ ਭਤੀਜੇ ਦੀ ਖਬਰ ਲੈਣ ਲਈ ਲੁਧਿਆਣਾ ਤੋਂ ਪਿੰਡ ਜਨਸੂਆ ਪਹੁੰਚੀ। ਜਿੱਥੇ ਘਰ ਤੋਂ ਭੱਜਣ ਵਾਲੀ ਔਰਤ ਦੇ ਸਹੁਰਾ ਪਰਵਾਰ ਨੇ ਉਸਨੂੰ ਬੰਦੀ ਬਣਾਉਣ ਤੋਂ ਬਾਅਦ ਮਾਰਕੁੱਟ ਸ਼ੁਰੂ ਕਰ ਦਿੱਤੀ ਅਤੇ ਖੰਭੇ ਨਾਲ ਬੰਨ੍ਹ ਦਿੱਤਾ। ਕਪੜੇ ਪਾੜ ਕੇ ਉਸ ਨੂੰ ਨੰਗਾ ਕਰ ਕੇ ਪਿੰਡ ਵਿੱਚ ਘੁਮਾਉਣ ਦੀ ਗੱਲ ਕਰਨ ਲੱਗੇ, ਜਿਸ ਤੋਂ ਬਾਅਦ ਕਿਸੇ ਪਿੰਡ ਵਾਸੀ ਨੇ ਪੁਲਸ ਨੂੰ ਸੂਚਤ ਕਰ ਦਿੱਤਾ। ਪਹਿਲਾਂ ਪਹੁੰਚੀ ਪੁਲਸ ਟੀਮ ਨੂੰ ਔਰਤ ਨੂੰ ਛੁਡਾਉਣ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਦੂਜੀ ਗੱਡੀ ’ਚ ਮਹਿਲਾ ਪੁਲਸ ਫੋਰਸ ਆਈ। ਟੀਮ ਉਸ ਨੂੰ ਬਚਾਉਣ ਤੋਂ ਬਾਅਦ ਪੁਲਸ ਚੌਕੀ ਲੈ ਕੇ ਗਈ। ਪੁਲਸ ਚੌਕੀ ਪਹੁੰਚਣ ’ਤੇ ਮੁਲਜ਼ਮਾਂ ਨੇ ਪੁਲਸ ਚੌਕੀ ’ਤੇ ਵੀ ਹਮਲਾ ਕਰ ਦਿੱਤਾ, ਜਿੱਥੇ ਪੁਲਸ ਨੂੰ ਉਨ੍ਹਾਂ ਨੂੰ ਲਾਠੀਚਾਰਜ ਕਰ ਕੇ ਭਜਾਉਣਾ ਪਿਆ। ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਟਿਆਲਾ ਦੇ ਐੱਸ ਐੱਸ ਪੀ ਨੂੰ ਔਰਤ ’ਤੇ ਹੋਏ ਅੰਨ੍ਹੇ ਤਸ਼ੱਦਦ ਸੰਬੰਧੀ 7 ਅਪ੍ਰੈਲ ਤਕ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ’ਚ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐੱਸ ਪੀ ਰੈਂਕ ਦੇ ਅਧਿਕਾਰੀ ਨੂੰ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।





