ਹਥਿਆਰਬੰਦ ਕੈਨੇਡਾ ਦੀ ਸੰਸਦ ’ਚ ਵੜ ਗਿਆ

0
129

ਵੈਨਕੂਵਰ : ਓਟਵਾ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਈ-ਬਲਾਕ ’ਚ ਸ਼ਨਿੱਚਰਵਾਰ ਦੁਪਹਿਰੇ ਇਕ ਹਥਿਆਰਬੰਦ ਮਸ਼ਕੂਕ ਦਾਖਲ ਹੋ ਗਿਆ, ਜਿਸ ਨੂੰ ਪੁਲਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ ਕੀਤਾ। ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਤੇ ਅਮਲੇ ਦੇ ਮੈਂਬਰਾਂ ਨੇ ਕਮਰਿਆਂ ’ਚ ਲੁਕ ਕੇ ਜਾਨ ਬਚਾਈ। ਹਥਿਆਰਬੰਦ ਵਿਅਕਤੀ ਬਾਅਦ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਸੰਸਦ ਦੇ ਈ ਬਲਾਕ ਵਿੱਚ ਦਾਖਲ ਹੋਇਆ। ਸੰਸਦੀ ਅਮਲੇ ਦੇ ਮੈਂਬਰ ਜਾਨ ਬਚਾਉਣ ਲਈ ਨਾਲ ਲੱਗਦੇ ਕਮਰਿਆਂ ਵਿੱਚ ਲੁਕ ਗਏ ਤੇ ਅੰਦਰੋਂ ਤਾਲੇ ਲਾ ਲਏ। ਉਧਰ ਪਾਰਲੀਮੈਂਟ ਪ੍ਰੋਟੈਕਟਿਵ ਸੇਵਾ ਦਲ ਨੂੰ ਹਫੜਾ-ਦਫੜੀ ਪੈ ਗਈ ਤੇ ਇਸ ਦੌਰਾਨ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਅੰਦਰ ਫਸੇ ਲੋਕਾਂ ਨੂੰ ਹੋਰ ਦਰਵਾਜ਼ਿਆਂ ਰਾਹੀਂ ਬਾਹਰ ਕੱਢ ਕੇ ਇਮਾਰਤ ਖਾਲੀ ਕਰਵਾਈ ਗਈ। ਪੁਲਸ ਨੇ ਪਾਰਲੀਮੈਂਟ ਹਿੱਲ (ਸੰਸਦੀ ਭਵਨ) ਦੁਆਲੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਤੇ ਪਾਰਲੀਮੈਂਟ ਦੀ ਘੇਰਾਬੰਦੀ ਕਰ ਦਿੱਤੀ।
ਪੁਲਸ ਨੇ ਹਥਿਆਰਬੰਦ ਮਸ਼ਕੂਕ ਨੂੰ ਬਾਹਰ ਆਉਣ ਲਈ ਕਈ ਚੇਤਾਵਨੀਆਂ ਵੀ ਦਿੱਤੀਆਂ। ਸੰਸਦ ਭਵਨ ਦੇ ਈ-ਬਲਾਕ ਵਿੱਚ ਸੈਨੇਟਰਾਂ ਤੇ ਉਨ੍ਹਾਂ ਦੇ ਸਹਾਇਕ ਅਮਲੇ ਦੇ ਦਫਤਰ ਹਨ। ਪੁਲਸ ਨੇ ਰੋਬੋਟ ਦੀ ਮਦਦ ਨਾਲ ਹਥਿਆਰਬੰਦ ਮਸ਼ਕੂਕ ਨੂੰ ਗਿ੍ਰਫਤਾਰ ਕੀਤਾ।