ਸਿਵਲ ਸਰਜਨ ਮੁਅੱਤਲ

0
30

ਫਗਵਾੜਾ : ਪੰਜਾਬ ਸਰਕਾਰ ਨੇ ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਨੂੰ ਸਟਾਫ ਨਾਲ ਉਨ੍ਹਾ ਦੇ ਕਥਿਤ ਦੁਰਵਿਹਾਰ ਲਈ ਤੁਰੰਤ ਮੁਅੱਤਲ ਕਰ ਦਿੱਤਾ। ਪਿ੍ਰੰਸੀਪਲ ਸੈਕਟਰੀ ਸਿਹਤ ਕੁਮਾਰ ਰਾਹੁਲ ਨੇ ਸਿਵਲ ਸਰਜਨ ਨੂੰ ਤੁਰੰਤ ਚੰਡੀਗੜ੍ਹ ਹੈੱਡਕੁਆਰਟਰ ਰਿਪੋਰਟ ਕਰਨ ਲਈ ਕਿਹਾ ਹੈ। ਸਿਵਲ ਸਰਜਨ ਵਿਰੁੱਧ ਸਮੁੱਚਾ ਕਲੈਰੀਕਲ ਸਟਾਫ ਪ੍ਰਦਰਸ਼ਨ ਕਰ ਰਿਹਾ ਸੀ।
ਦਹਿਸ਼ਤਗਰਦ ਹਲਾਕ
ਜੰਮੂ : ਕਿਸ਼ਤਵਾੜ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਮੁਕਾਬਲੇ ’ਚ ਇੱਕ ਦਹਿਸ਼ਤਗਰਦ ਮਾਰਿਆ ਗਿਆ, ਜਦੋਂ ਕਿ ਊਧਮਪੁਰ ਜ਼ਿਲ੍ਹੇ ਵਿੱਚ ਤਿੰਨ ਦਹਿਸ਼ਤਗਰਦਾਂ ਨੂੰ ਲੱਭਣ ਲਈ ਵੱਖਰੀ ਖੋਜ ਮੁਹਿੰਮ ਜਾਰੀ ਸੀ। ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ ’ਤੇ ਘੁੰਮ ਰਹੇ ਦਹਿਸ਼ਤਗਰਦਾਂ ’ਤੇ ਨਜ਼ਰ ਰੱਖਣ ਲਈ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਖੇਤਰ ਤੱਕ ਨਿਗਰਾਨੀ ਦਾ ਦਾਇਰਾ ਵਧਾ ਦਿੱਤਾ ਗਿਆ ਹੈ।
ਵਕਫ ਕਾਨੂੰਨ ’ਤੇ ਅਮਲ ਮੁਅੱਤਲ ਰੱਖਿਆ ਜਾਵੇ : ਮਾਇਆਵਤੀ
ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕੇਂਦਰ ਨੂੰ ਨਵੇਂ ਵਕਫ ਕਾਨੂੰਨ ਦੀਆਂ ਮੱਦਾਂ ’ਤੇ ਮੁੜ ਵਿਚਾਰ ਕਰਨ ਅਤੇ ਫਿਲਹਾਲ ਇਸ ਨੂੰ ਮੁਅੱਤਲ ਰੱਖਣ ਦਾ ਸੱਦਾ ਦਿੱਤਾ ਹੈ। ਮਾਇਆਵਤੀ ਨੇ ਸ਼ੁੱਕਰਵਾਰ ਕਿਹਾ ਕਿ ਇਸ ਕਾਨੂੰਨ ’ਚ ਵਕਫ ਬੋਰਡ ’ਚ ਗੈਰ-ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੱਦ ਠੀਕ ਪ੍ਰਤੀਤ ਨਹੀਂ ਹੁੰਦੀ। ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਗ਼ੈਰ-ਮੁਸਲਮਾਨਾਂ ਨੂੰ ਰਾਜ ਵਕਫ ਬੋਰਡ ਦਾ ਹਿੱਸਾ ਬਣਨ ਦੇਣ ਦੀ ਇਜਾਜ਼ਤ ਦੇਣਾ ਗਲਤ ਹੈ। ਮੁਸਲਮ ਭਾਈਚਾਰਾ ਇਸ ’ਤੇ ਇਤਰਾਜ਼ ਜਤਾ ਰਿਹਾ ਹੈ। ਜੇ ਕੇਂਦਰ ਸਰਕਾਰ ਅਜਿਹੀਆਂ ਵਿਵਾਦਤ ਮੱਦਾਂ ’ਚ ਸੁਧਾਰ ਲਈ ਇਸ ’ਤੇ ਮੁੜ ਵਿਚਾਰ ਕਰੇ ਅਤੇ ਫਿਲਹਾਲ ਵਕਫ ਕਾਨੂੰਨ ਨੂੰ ਮੁਅੱਤਲ ਰੱਖੇ ਤਾਂ ਬਿਹਤਰ ਹੋਵੇਗਾ।
ਬਿਹਾਰ ’ਚ ਬਿਜਲੀ ਤੇ ਗੜੇਮਾਰੀ ਨਾਲ ਮੌਤਾਂ ਦੀ ਗਿਣਤੀ 61
ਪਟਨਾ : ਬਿਹਾਰ ਵਿੱਚ ਅਸਮਾਨੀ ਬਿਜਲੀ ਡਿੱਗਣ ਤੇ ਗੜੇਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਸ਼ੁੱਕਰਵਾਰ 36 ਹੋਰ ਮੌਤਾਂ ਹੋਣ ਦੀ ਜਾਣਕਾਰੀ ਮਿਲੀ। ਨਾਲੰਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 23 ਮੌਤਾਂ ਹੋਈਆਂ ਹਨ। ਯੂ ਪੀ ਵਿੱਚ ਤੂਫਾਨ ਅਤੇ ਮੀਂਹ ਕਾਰਨ ਘੱਟੋ-ਘੱਟ 22 ਵਿਅਕਤੀ ਅਤੇ 45 ਜਾਨਵਰ ਮਾਰੇ ਗਏ ਹਨ। 15 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮੋਦੀ ਨੇ ਜਬਰ-ਜ਼ਨਾਹ ਮਾਮਲੇ ਦੀ ਜਾਣਕਾਰੀ ਲਈ
ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਇੱਕ ਦਿਨ ਦੇ ਦੌਰੇ ’ਤੇ ਆਪਣੇ ਸੰਸਦੀ ਹਲਕੇ ਵਾਰਾਣਸੀ ਪਹੁੰਚੇ ਅਤੇ ਇੱਥੇ ਹੋਏ ਇੱਕ ਸਮੂਹਕ ਜਬਰ-ਜ਼ਨਾਹ ਮਾਮਲੇ ਬਾਰੇ ਪੁਲਸ ਕਮਿਸ਼ਨਰ ਤੇ ਡੀ ਸੀ ਤੋਂ ਹਵਾਈ ਅੱਡੇ ’ਤੇ ਹੀ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਮਾਮਲਾ 19 ਸਾਲਾ ਕੁੜੀ ਨਾਲ ਛੇ ਦਿਨਾਂ ’ਚ 23 ਵਿਅਕਤੀਆਂ ਵੱਲੋਂ ਜਬਰ-ਜ਼ਨਾਹ ਨਾਲ ਸੰਬੰਧਤ ਹੈ। ਪੁਲਸ ਮੁਤਾਬਕ ਦੋਸ਼ੀਆਂ ਨੇ ਪੀੜਤਾ ਨੂੰ ਨਸ਼ੀਲਾ ਪਦਾਰਥ ਦੇ ਕੇ ਵੱਖ-ਵੱਖ ਹੋਟਲਾਂ ’ਚ ਲਿਜਾ ਕੇ ਜਬਰ-ਜ਼ਨਾਹ ਕੀਤਾ। ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।