ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਿੱਲੀ ਦੀ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ 26/11 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਨੇ ਹੋਰ ਵੀ ਕਈ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਘੜੀ ਸੀ। ਇਹ ਦਾਅਵਾ ਉਸ ਨੇ ਐੱਨ ਆਈ ਏ ਦੇ ਵਿਸ਼ੇਸ਼ ਜੱਜ ਚੰਦਰ ਜੀਤ ਸਿੰਘ ਸਾਹਮਣੇ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਰਾਣਾ ਨੂੰ 18 ਦਿਨਾਂ ਦੀ ਐੱਨ ਆਈ ਏ ਹਿਰਾਸਤ ਵਿੱਚ ਭੇਜ ਦਿੱਤਾ। ਜੱਜ ਨੇ ਆਪਣੇ ਹੁਕਮਾਂ ਵਿੱਚ ਐੱਨ ਆਈ ਏ ਨੂੰ ਨਿਰਦੇਸ਼ ਦਿੱਤਾ ਕਿ ਉਹ ਹਰ 24 ਘੰਟਿਆਂ ਵਿੱਚ ਰਾਣਾ ਦੀ ਡਾਕਟਰੀ ਜਾਂਚ ਕਰੇ ਅਤੇ ਉਸ ਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਜੱਜ ਨੇ ਰਾਣਾ ਨੂੰ ਸਿਰਫ ਨਰਮ ਟਿਪ ਵਾਲੇ ਪੈੱਨ ਦੀ ਵਰਤੋਂ ਕਰਨ ਅਤੇ ਐੱਨ ਆਈ ਏ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੁਣਨਯੋਗ ਦੂਰੀ ਵਿੱਚ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਐੱਨ ਆਈ ਏ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮੁੰਬਈ ਹਮਲੇ ਵਾਂਗ ਹੋਰ ਸ਼ਹਿਰਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਐੱਨ ਆਈ ਏ ਅਧਿਕਾਰੀ ਅਹਿਮ ਸਬੂਤ ਇਕੱਠੇ ਕਰਨ ਅਤੇ 17 ਸਾਲ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਰਾਣਾ ਨੂੰ ਮੁੱਖ ਸਥਾਨਾਂ ’ਤੇ ਲਿਜਾ ਸਕਦੇ ਹਨ। ਐੱਨ ਆਈ ਏ ਨੇ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਵੀਰਵਾਰ ਦੇਰ ਰਾਤ ਪਟਿਆਲਾ ਹਾਊਸ ਦੀ ਵਿਸ਼ੇਸ਼ ਐੱਨ ਆਈ ਏ ਕੋਰਟ ਵਿੱਚ ਪੇਸ਼ ਕੀਤਾ ਸੀ।
ਏਜੰਸੀ 2008 ਦੇ ਹਮਲਿਆਂ, ਜਿਸ ਵਿੱਚ 166 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 238 ਤੋਂ ਵੱਧ ਜ਼ਖ਼ਮੀ ਹੋ ਗਏ ਸਨ, ਪਿਛਲੀ ਮੁਕੰਮਲ ਸਾਜ਼ਿਸ਼ ਦਾ ਸੱਚ ਜਾਨਣ ਲਈ ਰਾਣਾ ਨੂੰ ਸਵਾਲ ਕਰੇਗੀ।




