ਨਵੀਂ ਦਿੱਲੀ : ਭਾਰਤੀ ਕਿ੍ਰਕਟ ਟੀਮ ਦੇ ਮੁੱਖ ਕੋਚ ਤੇ ਸਾਬਕਾ ਭਾਜਪਾ ਐੱਮ ਪੀ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਕਿਹਾ ਕਿ ਗੰਭੀਰ ਨੂੰ ਦੋ ਧਮਕੀ ਭਰੇ ਈਮੇਲ ਮਿਲੇ ਹਨ ਤੇ ਉਨ੍ਹਾ ਦਿੱਲੀ ਦੇ ਰਾਜਿੰਦਰ ਨਗਰ ਪੁਲਸ ਥਾਣੇ ਵਿੱਚ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕੀਤੀ ਹੈ। ਧਮਕੀ 22 ਅਪਰੈਲ ਨੂੰ ਮਿਲੀ ਤੇ ਇਸੇ ਦਿਨ ਪਹਿਲਗਾਮ ਕਾਂਡ ਹੋਇਆ।
ਤਿੰਨ ਨਕਸਲੀ ਮਾਰੇ
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਕਰੇਗੁਟਾ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਵੱਡੀ ਨਕਸਲ ਵਿਰੋਧੀ ਮੁਹਿੰਮ ਵਿੱਚ ਤਿੰਨ ਨਕਸਲੀ ਮਾਰ ਦਿੱਤੇ। ਨਾਰਾਇਣਪੁਰ ਵਿੱਚ ਚਾਰ ਔਰਤਾਂ ਸਮੇਤ ਪੰਜ ਨਕਸਲੀਆਂ ਦੇ ਆਤਮ-ਸਮਰਪਣ ਕਰਨ ਤੋਂ ਕੁਝ ਦਿਨ ਬਾਅਦ 21 ਅਪ੍ਰੈਲ ਨੂੰ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਝੋਨੇ ਦੀ ਲਵਾਈ ਪਹਿਲੀ ਜੂਨ ਤੋਂ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਲਵਾਈ ਪਹਿਲੀ ਜੂਨ ਸੂਬੇ ਭਰ ’ਚ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀ ਜਾਵੇਗੀ। ਪੱਤਰ ਮੁਤਾਬਕ ਪਹਿਲਾਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਵਿਚ ਲਵਾਈ ਪਹਿਲੀ ਜੂਨ ਤੋਂ ਆਰੰਭ ਹੋਵੇਗੀ। ਇਸੇ ਤਰ੍ਹਾਂ 5 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮਿ੍ਰਤਸਰ, ਤਰਨ ਤਾਰਨ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿਖੇ ਲਵਾਈ ਦੀ ਸ਼ੁਰੂਆਤ ਹੋਵੇਗੀ। ਬਾਕੀ ਰਹਿੰਦੇ ਜ਼ਿਲ੍ਹਿਆਂ ਮਾਨਸਾ, ਮੋਗਾ, ਬਰਨਾਲਾ, ਲੁਧਿਆਣਾ, ਮਾਲੇਰਕੋਟਲਾ, ਪਟਿਆਲਾ, ਸੰਗਰੂਰ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 9 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਤੈਅ ਕੀਤਾ ਗਿਆ ਹੈ।




