ਸਿੱਕਮ ’ਚ ਇੱਕ ਹਜ਼ਾਰ ਸੈਲਾਨੀ ਫਸੇ ਗੁਰਦੁਆਰੇ ’ਚ ਪਨਾਹ ਲਈ

0
18

ਗੰਗਟੋਕ : ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ ਵਿੱਚ ਲਗਭਗ 1,000 ਸੈਲਾਨੀ ਫਸ ਗਏ ਹਨ। ਵੀਰਵਾਰ ਨੂੰ ਚੁੰਗਥਾਂਗ ਵਿਖੇ ਲਗਭਗ 200 ਸੈਲਾਨੀ ਵਾਹਨ ਫਸ ਗਏ ਸਨ ਅਤੇ ਯਾਤਰੀ ਉੱਥੇ ਇਕ ਗੁਰਦੁਆਰੇ ਵਿੱਚ ਠਹਿਰੇ ਹੋਏ ਹਨ। ਚੁੰਗਥਾਂਗ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ ਲਗਭਗ 100 ਕਿਲੋਮੀਟਰ ਦੂਰ ਹੈ।
ਪੁਲਸ ਨੇ ਕਿਹਾ ਕਿ ਲਾਚੇਨ-ਚੁੰਗਥਾਂਗ ਸੜਕ ’ਤੇ ਮੁਨਸ਼ੀਥਾਂਗ ਅਤੇ ਲਾਚੁੰਗ-ਚੁੰਗਥਾਂਗ ਸੜਕ ’ਤੇ ਲੇਮਾ/ਬੌਬ ਵਿਖੇ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਖੇਤਰ ਵਿੱਚ ਲਗਾਤਾਰ ਮੀਂਹ ਕਾਰਨ ਸਥਿਤੀ ਵਿਗੜ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਟੂਰ ਅਪਰੇਟਰਾਂ ਨੂੰ ਸ਼ੁੱਕਰਵਾਰ ਅਤੇ ਅਗਲੇ ਨੋਟਿਸ ਤੱਕ ਉੱਤਰੀ ਸਿੱਕਮ ਵਿੱਚ ਸੈਲਾਨੀਆਂ ਨੂੰ ਨਾ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ 25 ਅਪਰੈਲ ਨੂੰ ਸੈਲਾਨੀਆਂ ਨੂੰ ਇਸ ਖੇਤਰ ਵਿਚ ਆਉਣ ਲਈ ਦਿੱਤੇ ਗਏ ਸਾਰੇ ਪਰਮਿਟ ਰੱਦ ਕਰ ਦਿੱਤੇ ਹਨ। ਸਥਾਨਕ ਪ੍ਰਸ਼ਾਸਨ ਅਨੁਸਾਰ ਲਾਚੁੰਗ ਅਤੇ ਲਾਚੇਨ ਤੱਕ ਪਹੁੰਚਣ ਵਾਲੀਆਂ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ, ਜਿਸ ਕਾਰਨ ਲਗਭਗ 1,000 ਸੈਲਾਨੀ ਫਸ ਗਏ ਹਨ। ਲਾਚੁੰਗ ਅਤੇ ਲਾਚੇਨ ਪਹਾੜੀ ਸਟੇਸ਼ਨ ਹਨ, ਜੋ ਆਪਣੀ ਕੁਦਰਤੀ ਸੁੰਦਰਤਾ ਅਤੇ ਗੁਰੂਡੋਂਗਮਾਰ ਝੀਲ ਅਤੇ ਯੁਮਥਾਂਗ ਘਾਟੀ ਵਰਗੇ ਪ੍ਰਸਿੱਧ ਸੈਲਾਨੀ ਸਥਾਨਾਂ ਦੀ ਨੇੜਤਾ ਲਈ ਜਾਣੇ ਜਾਂਦੇ ਹਨ।