ਪੰਜਾਬ ਸਰਕਾਰ ਰਾਜ ਧਰਮ ਨਹੀਂ ਨਿਭਾਅ ਰਹੀ : ਖੱਟਰ

0
111

ਚੰਡੀਗੜ੍ਹ : ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਇਨਕਾਰੀ ਹੋਣ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਧਰਮ ਨਹੀਂ ਨਿਭਾਅ ਰਹੀ ਹੈ। ਉਨ੍ਹਾ ਇਸ ਗੱਲੋਂ ਇਨਕਾਰ ਕੀਤਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ’ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਬੀ ਬੀ ਐੱਮ ਬੀ ’ਤੇ ਕੋਈ ਦਬਾਓ ਨਹੀਂ ਪਾ ਸਕਦੀ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖੱਟਰ ਦਾ ਵਿਵਾਦ ਛਿੜਨ ਤੋਂ ਦੋ ਦਿਨ ਬਾਅਦ ਇਹ ਪਹਿਲਾ ਬਿਆਨ ਆਇਆ ਹੈ, ਜਿਸ ਵਿੱਚ ਉਹ ਹਰਿਆਣਾ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਉਨ੍ਹਾ ਕਿਹਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰਨ ਦਾ ਕੰਮ (ਬੀ ਬੀ ਐੱਮ ਬੀ) ਦਾ ਹੈ ਅਤੇ ਬੀ ਬੀ ਐੱਮ ਬੀ ਦੀ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਹੋਇਆ ਸੀ। ਖੱਟਰ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕੋਲ ਅਧਿਕਾਰ ਹੈ, ਜਿਸ ਤਹਿਤ ਉਹ ਪਾਣੀ ਦੀ ਵੰਡ ਕਰ ਸਕਦੀ ਹੈ। ਖੱਟਰ ਨੇ ਇਹ ਭਰੋਸਾ ਵੀ ਦਿੱਤਾ ਕਿ ਹੁਣ ਸਿੰਧ ਜਲ ਸੰਧੀ ਖਤਮ ਹੋ ਗਈ ਹੈ ਅਤੇ ਇਨ੍ਹਾਂ ਦਰਿਆਵਾਂ ਦਾ ਪਾਣੀ ਵੀ ਹੁਣ ਉੱਤਰੀ ਸੂਬਿਆਂ ਵਿੱਚ ਹੀ ਵਰਤਿਆ ਜਾਵੇਗਾ। ਦੱਸਣਯੋਗ ਹੈ ਕਿ ਬੀ ਬੀ ਐੱਮ ਬੀ ਨੇ ਮੰਗਲਵਾਰ ਇਹ ਮਾਮਲਾ ਕੇਂਦਰੀ ਬਿਜਲੀ ਮੰਤਰਾਲੇ ਕੋਲ ਭੇਜ ਦਿੱਤਾ ਸੀ। ਪੰਜਾਬ ਸਰਕਾਰ ਦੇ ਅਧਿਕਾਰੀ ਕਹਿ ਰਹੇ ਹਨ ਕਿ ਕੇਂਦਰੀ ਬਿਜਲੀ ਮੰਤਰਾਲਾ ਪੰਜਾਬ ਨਾਲ ਨਿਆਂ ਨਹੀਂ ਕਰੇਗਾ। ਪਤਾ ਲੱਗਿਆ ਹੈ ਕਿ ਬੁੱਧਵਾਰ ਕੇਂਦਰੀ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਅਫਸਰਾਂ ਤੋਂ ਉਪਰੋਕਤ ਪਾਣੀ ਬਾਰੇ ਤੱਥ ਹਾਸਲ ਕੀਤੇ ਹਨ।