ਨਵੀਂ ਦਿੱਲੀ : ਕਾਂਗਰਸ ਪਾਰਟੀ ਅੰਦਰ ਉਭਰੇ ਮਤਭੇਦਾਂ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਥਰੂਰ ਨੇ ਕਿਹਾ ਕਿ ਸਭ ਠੀਕ ਹੈ ਅਤੇ ਉਹ ਪਾਰਟੀ ਲੀਡਰਸ਼ਿਪ ਨਾਲ ਇੱਕਜੁਟ ਹਨ। ਇਹ ਮੀਟਿੰਗ ਖੜਗੇ ਦੇ ਚੈਂਬਰ ਵਿੱਚ ਇਕ ਘੰਟੇ ਤੋਂ ਵੱਧ ਸਮਾਂ ਚੱਲੀ। ਸੂਤਰਾਂ ਮੁਤਾਬਕ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਬਾਅਦ ਥਰੂਰ ਨੇ ਕਿਹਾ, ‘ਸਭ ਠੀਕ ਹੈ। ਅਸੀਂ ਪਾਰਟੀ ਲੀਡਰਸ਼ਿਪ ਨਾਲ ਇੱਕਜੁਟ ਹਾਂ। ਮੀਟਿੰਗ ’ਚ ਰਚਨਾਤਮਕ ਅਤੇ ਸਕਾਰਾਤਮਕ ਗੱਲਬਾਤ ਹੋਈ।’ ਉਨ੍ਹਾ ਕਿਹਾ, ‘ਮੈਂ ਕਿਸੇ ਚੀਜ਼ ਲਈ ਉਮੀਦਵਾਰ ਬਣਨ ਵਿੱਚ ਦਿਲਚਸਪੀ ਨਹੀਂ ਰੱਖਦਾ। ਮੈਂ ਪਹਿਲਾਂ ਹੀ ਐੱਮ ਪੀ ਹਾਂ ਅਤੇ ਮੇਰੇ ਵੋਟਰਾਂ ਦਾ ਭਰੋਸਾ ਮੇਰੇ ਉੱਤੇ ਹੈ। ਸੰਸਦ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਸੰਭਾਲ ਕਰਨਾ ਮੇਰਾ ਕੰਮ ਹੈ।’ਪਿਛਲੇ ਹਫ਼ਤੇ ਥਰੂਰ ਕੇਰਲ ਚੋਣਾਂ ਲਈ ਪਾਰਟੀ ਦੀ ਮੁੱਖ ਸਿਆਸੀ ਬੈਠਕ ਵਿੱਚ ਸ਼ਾਮਿਲ ਨਹੀਂ ਹੋਏ ਸੀ। ਸੂਤਰਾਂ ਮੁਤਾਬਕ ਇਹ ਨਾਰਾਜ਼ਗੀ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਮੌਜੂਦਗੀ ਨੂੰ ਸਵੀਕਾਰ ਨਾ ਕਰਨ ਅਤੇ ਸੂਬਾਈ ਆਗੂਆਂ ਵੱਲੋਂ ਉਨ੍ਹਾਂ ਨੂੰ ‘ਸਾਈਡਲਾਈਨ’ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹੋਈ। ਥਰੂਰ ਦੇ ਕਰੀਬੀਆਂ ਮੁਤਾਬਕ 19 ਜਨਵਰੀ ਨੂੰ ਕੋਚੀ ਵਿੱਚ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਮੰਚ ’ਤੇ ਮੌਜੂਦ ਕਈ ਸੀਨੀਅਰ ਆਗੂਆਂ ਦੇ ਨਾਂਅ ਲਏ, ਪਰ ਸ਼ਸ਼ੀ ਥਰੂਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਸੂਬਾਈ ਆਗੂਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰ ਰਹੇ ਸਨ।




