ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮਸਲੇ ਉੱਤੇ ਚੱਲ ਰਹੇ ਵਿਵਾਦ ਦਰਮਿਆਨ ਸਨਿੱਚਰਵਾਰ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਚੰਡੀਗੜ੍ਹ ਵਿੱਚ ਇੱਕੋ ਮੰਚ ’ਤੇ ਨਜ਼ਰ ਆਏ। ਚੰਡੀਗੜ੍ਹ ਵਿੱਚ ਨਸ਼ਿਆਂ ਦੇ ਖਿਲਾਫ ਕੱਢੀ ਗਈ ਪੈਦਲ ਯਾਤਰਾ ਦੌਰਾਨ ਦੋਹਾਂ ਮੁੱਖ ਮੰਤਰੀਆਂ ਦੇ ਨਾਲ-ਨਾਲ ਦੋਹਾਂ ਸੂਬਿਆਂ ਦੇ ਰਾਜਪਾਲ ਵੀ ਮੌਜੂਦ ਸਨ। ਸਟੇਜ ’ਤੇ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਦੀਆਂ ਅੱਖਾਂ ਤਾਂ ਮਿਲੀਆਂ, ਪਰ ਦੋਹਾਂ ਨੇ ਇਕ-ਦੂਜੇ ਨਾਲ ਕੋਈ ਗੱਲ ਨਹੀਂ ਕੀਤੀ। ਪੈਦਲ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸੈਣੀ ਨੇ ਕਿਹਾ ਕਿ ਮਾਨ ਪਾਣੀ ਉੱਤੇ ਰਾਜਨੀਤੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਸੈਣੀ ਨੇ ਭਗਵੰਤ ਮਾਨ ਨੂੰ ਰਿਸ਼ਤੇਦਾਰ ਦੱਸਿਆ ਸੀ। ਦਰਅਸਲ ਭਗਵੰਤ ਮਾਨ ਦੀ ਪਤਨੀ ਪਿਹੋਵਾ (ਕੁਰੂਕਸ਼ੇਤਰ) ਦੀ ਰਹਿਣ ਵਾਲੀ ਹੈ। ਇਸ ਦਾ ਜਵਾਬ ਦਿੰਦਿਆਂ ਮਾਨ ਕਹਿ ਚੁੱਕੇ ਹਨ, ‘ਹਰਿਆਣਾ ਵਾਲੇ ਤਾਂ ਧੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਅਤੇ ਸੈਣੀ ਤਾਂ ਨਹਿਰ ਮੰਗ ਰਹੇ ਹਨ।’ਮੀਡੀਆ ਨੇ ਜਦੋਂ ਮਾਨ ਵੱਲੋਂ ਕਹੀ ਗਈ ਗੱਲ ਸੰਬੰਧੀ ਸੈਣੀ ਨੂੰ ਸਵਾਲ ਕੀਤਾ ਤਾਂ ਉਨ੍ਹਾ ਦੁਹਰਾਇਆ ਕਿ ਮਾਨ ਸਾਡੇ ਰਿਸ਼ਤੇਦਾਰ ਹਨ, ਪਰ ਇਹ ਨਹਿਰ ਅਸੀਂ ਸਮਾਜ ਲਈ ਮੰਗ ਰਹੇ ਹਾਂ। ਉਨ੍ਹਾ ਕਿਹਾ, ‘ਪਾਣੀ ਦੀ ਲੋੜ ਸੂਬੇ ਦੇ 2 ਕਰੋੜ 80 ਲੱਖ ਲੋਕਾਂ ਨੂੰ ਹੈ ਅਤੇ ਇਹ ਮੰਗ ਉਨ੍ਹਾਂ ਲਈ ਕੀਤੀ ਜਾ ਰਹੀ ਹੈ। ਮਾਨ ਸਾਹਿਬ ਇਸ ਉੱਤੇ ਵੀ ਰਾਜਨੀਤੀ ਕਰ ਰਹੇ ਹਨ। ਰਿਸ਼ੀ-ਮੁਨੀਆਂ ਦੀ ਪਰੰਪਰਾ ਰਹੀ ਹੈ ਕਿ ਜੋ ਵੀ ਸਾਡੇ ਘਰ ਆਵੇ, ਉਸ ਨੂੰ ਸਭ ਤੋਂ ਪਹਿਲਾਂ ਪਾਣੀ ਦਾ ਗਿਲਾਸ ਦਿੱਤਾ ਜਾਂਦਾ ਹੈ। ਇਸ ’ਤੇ ਰਾਜਨੀਤੀ ਹੋਏਗੀ, ਇਹ ਮੈਂ ਕਦੇ ਵੀ ਨਹੀਂ ਸੋਚਿਆ ਸੀ।’ ਹੈਰਾਨੀ ਦੀ ਗੱਲ ਹੈ ਕਿ ਪਾਣੀਆਂ ਦੇ ਮੁੱਦੇ ਉਤੇ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸਤ ਨਾ ਕਰਨ ਦੀਆਂ ਸਲਾਹਾਂ ਦੇਣ ਵਾਲੇ ਸੈਣੀ ਜਿਥੇ ਖੁਦ ਇਸ ਨਸ਼ਾ ਵਿਰੋਧੀ ਸਮਾਗਮ ਦੌਰਾਨ ਵੀ ਸਿਆਸੀ ਬਿਆਨਬਾਜ਼ੀ ਕਰਦੇ ਦਿਖਾਈ ਦਿੱਤੇ, ਉਥੇ ਮਾਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਣੀਆਂ ਦੇ ਮੁੱਦੇ ਉਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਉਨ੍ਹਾ ਕਿਹਾ ਕਿ ਇਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ‘ਵਡੱਪਣ’ ਹੈ ਕਿ ਉਨ੍ਹਾ ਚੰਡੀਗੜ੍ਹ ਵਿੱਚ ਇਹ ਨਸ਼ਾ ਵਿਰੋਧੀ ਸਮਾਗਮ ਕਰਵਾਇਆ, ਕਿਉਂਕਿ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ ਅਤੇ ਉਨ੍ਹਾ ਨੂੰ ਇਸ ਸਮਾਗਮ ਵਿਚ ਸੱਦਿਆ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਛੇਤੀ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨਸ਼ਾ-ਮੁਕਤ ਹੋ ਜਾਣਗੇ। ਉਨ੍ਹਾ ਕਿਹਾ, ‘ਪੰਜਾਬ ਤੇ ਹਰਿਆਣਾ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਅਤੇ ਸਾਨੂੰ ਸਿੱਖਣ ਤੇ ਪ੍ਰੇਰਨਾ ਲੈਣ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ।’ ਉਨ੍ਹਾ ਕਿਹਾ ਕਿ ਇਹ ਨਸ਼ਾ ਵਿਰੋਧੀ ਸਮਾਗਮ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ, ਸਗੋਂ ਇਸ ਨੂੰ ‘ਜਨ-ਜਨ ਦਾ ਅੰਦੋਲਨ’ ਬਣਾਉਣ ਦੀ ਲੋੜ ਹੈ। ਰਾਜਪਾਲ ਕਟਾਰੀਆ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟਾਏ।