25.8 C
Jalandhar
Monday, September 16, 2024
spot_img

ਮਜ਼ਦੂਰਾਂ ਦਾ ਸੰਗਰੂਰ ਮੋਰਚਾ ਅਗਲੇ ਸੰਘਰਸ਼ਾਂ ਲਈ ਪੜੁੱਲ ਬਣੇਗਾ : ਗੋਰੀਆ

ਸ਼ਾਹਕੋਟ (ਗਿਆਨ ਸੈਦਪੁਰੀ)
ਮਜ਼ਦੂਰ ਅਤੇ ਦਲਿਤ ਵਰਗ ਦੇ ਹਿੱਤਾਂ ਲਈ ਆਰ-ਪਾਰ ਦਾ ਸੰਘਰਸ਼ ਸਮੇਂ ਦੀ ਲੋੜ ਬਣ ਚੁੱਕਾ ਹੈ, ਜਿਸ ਦੀ ਸ਼ੁਰੂਆਤ 12 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਾਲੀ ਰਹਾਇਸ਼ ਅੱਗੇ ਲਾਏ ਜਾ ਰਹੇ ਪੱਕੇ ਮੋਰਚੇ ਤੋਂ ਹੋਵੇਗੀ। ਇਹ ਮੋਰਚਾ ਪੇਂਡੂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਲਾਇਆ ਜਾਵੇਗਾ, ਜੋ 14 ਸਤੰਬਰ ਤੱਕ ਚੱਲੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਮੀਟਿੰਗ ਸਭਾ ਦੇ ਸੂਬਾ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ ਮਾਨਸਾ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਸ੍ਰੀ ਗੋਰੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਉਮੀਦਾਂ ਅਤੇ ਸੂਬੇ ਵਿੱਚ ਰਵਾਇਤੀ ਸਿਆਸੀ ਪਾਰਟੀਆਂ ਦਾ ਗਲਬਾ ਤੋੜਨ ਦੇ ਜਜ਼ਬੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਲਿਆਂਦੀ ਸੀ। ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨਾਲ ਪੰਜਾਬੀਆਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਮਜ਼ਦੂਰ ਆਗੂ 12, 13 ਅਤੇ 14 ਸਤੰਬਰ ਦੇ ਸੰਗਰੂਰ ਮੋਰਚੇ ਨੂੰ ਮਜ਼ਦੂਰ ਮੁਕਤੀ ਲਈ ਅਗਲੇਰੇ ਸੰਘਰਸ਼ਾਂ ਦਾ ਪੜੁੱਲ ਬਣ ਜਾਣ ਦੀ ਆਸ ਕਰਦਿਆਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੋਰਚੇ ਦੀ ਸਫਲਤਾ ਲਈ ਵੱਡੀ ਪਹਿਲਕਦਮੀ ਕਰਨ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ ਅਤੇ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਜ਼ਦੂਰ ਤੇ ਗਰੀਬ ਵਰਗ ਨਾਲ ਸਮਾਜਕ ਵਿਤਕਰੇਬਾਜ਼ੀ ਜ਼ੋਰਾਂ ’ਤੇ ਹੈ। ਇਸ ਵਿਤਕਰੇ ਨੂੰ ਦੂਰ ਕਰਨ ਲਈ ਸਮਾਜਕ ਮੀਡੀਏ ਦੀ ਵਰਤੋਂ ਨਾਲ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਸੰਘਰਸ਼ਾਂ ਲਈ ਲਾਮਬੰਦੀ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਸਾਨੂੰ ਸਮੇਂ ਦੇ ਹਾਣੀ ਬਣਨਾ ਪਵੇਗਾ। ਇਸ ਦੇ ਨਾਲ ਹੀ ਮਜ਼ਦੂਰ ਆਗੂਆਂ ਨੇ ਸੁਚੇਤ ਕੀਤਾ ਕਿ ਜਾਤਾਂ ਦੇ ਅਧਾਰ ’ਤੇ ਬਣੀਆਂ ਕੁਝ ਜਥੇਬੰਦੀਆਂ ਮਜ਼ਦੂਰ ਵਰਗ ਵਿੱਚ ਭੜਕਾਹਟ ਵੀ ਪੈਦਾ ਕਰ ਰਹੀਆ ਹਨ। ਇਹੋ ਜਿਹੀਆਂ ਜਥੇਬੰਦੀਆਂ ਜਾਣੇ-ਅਣਜਾਣੇ ਆਰ ਐੱਸ ਐੱਸਦੇ ਕੁਹਾੜੇ ਦਾ ਦਸਤਾ ਬਣਨ ਦਾ ਸਬੱਬ ਹੋ ਨਿੱਬੜਦੀਆਂ ਹਨ। ਚੌਹਾਨ ਅਤੇ ਸਰਹਾਲੀ ਕਲਾਂ ਨੇ ਮਜ਼ਦੂਰਾਂ ਵੱਲੋਂ ਲਾਏ ਜਾ ਰਹੇ ਸੰਗਰੂਰ ਮੋਰਚੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਉਸ ਵਾਅਦਾਖਿਲਾਫੀ ਵਿਰੁੱਧ ਹੈ, ਜਿਹੜਾ ਵਾਅਦਾ ਮਜ਼ਦੂਰ ਆਗੂਆਂ ਨਾਲ 5 ਅਗਸਤ ਨੂੰ ਚੰਡੀਗੜ੍ਹ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਸੀ। ਆਗੂਆਂ ਨੇ ਕਿਹਾ ਕਿ ਉਸ ਮੀਟਿੰਗ ਵਿੱਚ ਕੀਤੇ ਗਏ ਢੇਰ ਸਾਰੇ ਵਾਅਦਿਆਂ ਵਿੱਚੋਂ ਹੁਣ ਤੱਕ ਇੱਕ ਵੀ ਪੂਰਾ ਨਹੀਂ ਕੀਤਾ ਗਿਆ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਜਦੋਂ ਅਸੀਂ ਮਜ਼ਦੂਰਾਂ ਦੇ ਘਰਾਂ ਦੇ ਠੰਢੇ ਹੋ ਰਹੇ ਚੁੱਲ੍ਹਿਆਂ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਨਾਲ ਵਰਚਾਉਣ ਦੀ ਚਾਲ ਚੱਲੀ ਜਾਂਦੀ ਹੈ। ਸੰਘਰਸ਼ਾਂ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਜਥੇਬੰਦਕ ਤਾਣਾ-ਬਾਣਾ ਮਜ਼ਬੂਤ ਕਰਨ ਲਈ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ।
ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਜ਼ਦੂਰ ਆਗੂਆਂ ਨੇ ਆਪੋ-ਆਪਣੇ ਕੰਮਾਂ ਦੀ ਰਿਪੋਰਟ ਵੀ ਪੇਸ਼ ਕੀਤੀ। ਮਜ਼ਦੂਰ ਆਗੂ ਪਰਮਜੀਤ ਸਿੰਘ ਬਠਿੰਡਾ ਨੇ ਆਪਣੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਦਿਆਂ ਉੱਘੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨਾਲ ਉਸ ਦੀ ਥੋੜ੍ਹੀ ਜਿਹੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਘੜੱਮ ਚੌਧਰੀਆਂ ਵੱਲੋਂ ਉਸ ਨਾਲ ਕੀਤੇ ਜਾ ਰਹੇ ਧੱਕੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕ੍ਰਾਂਤੀਕਾਰੀ ਕਿਰਤੀ ਯੂਨੀਅਨ, ਸੀ ਪੀ ਆਈ (ਐੱਮ) ਨਾਲ ਸੰਬੰਧਤ ਮਜ਼ਦੂਰ ਯੂਨੀਅਨਾਂ ਅਤੇ ਕੁਝ ਹੋਰ ਮਜ਼ਦੂਰ ਜਥੇਬੰਦੀਆਂ ਜਗਸੀਰ ਜੀਦਾ ਦੇ ਹੱਕ ਵਿੱਚ ਨਿੱਤਰੀਆਂ ਹਨ।
ਮੀਟਿੰਗ ਵਿੱਚ ਪਿਆਰੇ ਲਾਲ ਸੰਗਰੂਰ, ਸੁਖਦੇਵ ਸਿੰਘ ਕੋਟ ਧਰਮ ਚੰਦ, ਅਮਰਜੀਤ ਕੌਰ ਗੋਰੀਆ, ਪ੍ਰੀਤਮ ਸਿੰਘ ਮੁਕਤਸਰ, ਮਨਦੀਪ ਸਿੰਘ ਸਰਦਾਰਗੜ੍ਹ, ਸੁਰਜੀਤ ਸਿੰਘ ਸਰਦਾਰਗੜ੍ਹ, ਸਰੂਪ ਸਿੰਘ ਬਠਿੰਡਾ, ਰਛਪਾਲ ਸਿੰਘ ਘੁਰਕਵਿੰਡ, ਜਗੀਰ ਸਿੰਘ ਘੁਰਕਵਿੰਡ, ਸੋਨਾ ਸਿੰਘ ਕਿਰਤੋਵਾਲ ਤੇ ਮੇਜਰ ਸਿੰਘ ਦਾਰਾਪੁਰ ਆਦਿ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles