ਅਮਰੀਕਾ ਨਾਲ ਸਮਝੌਤਾ ਕਿਸਾਨੀ ਤੇ ਸਹਾਇਕ ਧੰਦਿਆਂ ਲਈ ਤਬਾਹਕੁੰਨ : ਅਰਸ਼ੀ

0
4

ਬਰੇਟਾ/ਬੁਢਲਾਡਾ (ਰੀਤਵਾਲ/ਅਸ਼ੋਕ ਲਾਕੜਾ)
ਨੇੜਲੇ ਪਿੰਡ ਕਿਸ਼ਨਗੜ੍ਹ ਵਿਖੇ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ 77ਵੀਂ ਵਿਸ਼ਾਲ ਕਾਨਫਰੰਸ ਬਲਵੰਤ ਸਿੰਘ ਫੱਕਰ, ਲਛਮਣ ਸਿੰਘ ਅਲੀਸ਼ੇਰ ਦੇ ਪ੍ਰਧਾਨਗੀ ਮੰਡਲ ਹੇਠ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸਬ-ਡਵੀਜ਼ਨ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ ਕੀਤੀ ਗਈ। ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਕਾਨਫਰੰਸ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਕਿਸਾਨੀ ਅਤੇ ਸਹਾਇਕ ਧੰਦਿਆਂ ਲਈ ਤਬਾਹਕੁੰਨ ਸਾਬਤ ਹੋਵੇਗਾ। ਟਰੰਪ ਦੇ ਦਬਾਅ ਹੇਠ ਫਰੀ ਵਪਾਰ ਸਮਝੌਤੇ ਵਿੱਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਲ ਕਰਨ ਦੀ ਸਹਿਮਤੀ ਦੇ ਕੇ ਮੋਦੀ ਸਰਕਾਰ ਨੇ ਪੂਰੇ ਭਾਰਤ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ, ਜਦੋਂ ਕਿ ਪਹਿਲਾਂ ਹੀ ਖੇਤੀ ਵਿਰੋਧੀ ਕਾਨੂੰਨ, ਬਿਜਲੀ ਐਕਟ, ਬੀਜ ਬਿੱਲ ਵਿਰੁੱਧ ਤੇ ਐੱਮ ਐੱਸ ਪੀ, ਕਿਸਾਨ-ਮਜ਼ਦੂਰਾਂ ਦੀ ਕਰਜ਼ਾ ਮੁਕਤੀ ਆਦਿ ਨੂੰ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ।ਉਨ੍ਹਾ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਨੂੰ ਸਮੇਂ ਦੀ ਲੋੜ ਦੱਸਿਆ ਤੇ ਲੋਕ ਲਾਮਬੰਦੀ ਦਾ ਸੱਦਾ ਦਿੱਤਾ।ਬੀ ਕੇ ਯੂ ਧਨੇਰ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਸਦਕਾ 784 ਪਿੰਡਾਂ ਦੇ ਮੁਜ਼ਾਰਿਆਂ ਨੂੰ 16 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਉਣ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਨੌਜਵਾਨ ਵਰਗ ਨੂੰ ਉਹਨਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ।ਕਾਨਫਰੰਸ ਮੌਕੇ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਗਈ।ਉੱਘੇ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਨਾਟਕ ਮੰਡਲੀ ਵੱਲੋਂ ਨਾਟਕ ਤੇ ਕੋਰੋਗਰਾਫੀਆ ਪੇਸ਼ ਕੀਤੀਆਂ ਗਈਆਂ। ਬੀ ਕੇ ਯੂ ਡਕੌਂਦਾ ਦੇ ਲਛਮਣ ਸਿੰਘ ਚੱਕ ਅਲੀਸ਼ੇਰ, ਸਤਵੰਤ ਸਿੰਘ ਖੰਡੇਬਾਦ, ਜਗਜੀਤ ਸਿੰਘ ਭਟਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਰਾਏਕੇ, ਕਰਨੈਲ ਸਿੰਘ ਦਾਤੇਵਾਸ, ਹਰਦਿਆਲ ਸਿੰਘ ਬੁਢਲਾਡਾ, ਬੰਬੂ ਸਿੰਘ ਫੁਲੂਵਾਲਾ, ਮਲਕੀਤ ਸਿੰਘ ਬਖਸ਼ੀਵਾਲਾ, ਬੀਰਬਲ ਸਿੰਘ ਚੱਕ ਅਲੀਸ਼ੇਰ, ਹਰਮੀਤ ਸਿੰਘ ਬੋੜਾਵਾਲ, ਗਿੰਦਰ ਸਿੰਘ ਕਿਸ਼ਨਗੜ੍ਹ, ਪਵਨ ਕੁਮਾਰ ਬੁਢਲਾਡਾ, ਗਰੀਬੂ ਸਿੰਘ, ਭੂਰਾ ਸਿੰਘ ਕਿਸ਼ਨਗੜ੍ਹ, ਲਾਲ ਚੰਦ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਕੁਲਵੰਤ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।