ਦੁਨੀਆ ਵਿੱਚ ਅੱਜ ਲੋਕਤੰਤਰ ਦੇ ਮੁਕਾਬਲੇ ਤਾਨਾਸ਼ਾਹੀ ਵਾਲੇ ਦੇਸ਼ਾਂ ਦੀ ਗਿਣਤੀ ਵੱਧ ਹੈ। ਵੀ-ਡੈਮ ਦੀ ਸਾਲਾਨਾ ਰਿਪੋਰਟ ਮੁਤਾਬਕ ਦੁਨੀਆ ਵਿੱਚ 2025 ਦੇ ਅੰਤ ਤੱਕ 92 ਤਾਨਾਸ਼ਾਹੀ ਵਾਲੇ (ਆਟੋਕ੍ਰੇਸੀ) ਦੇਸ਼ ਤੇ 87 ਲੋਕਤੰਤਰੀ ਦੇਸ਼ ਸਨ। ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ‘ਚੁਣਾਵੀ ਤਾਨਾਸ਼ਾਹ’ ਦੇਸ਼ਾਂ ‘ਚ ਸ਼ਾਮਲ ਹੈ। ਇਹ ਡੈਮੋਕ੍ਰੇਸੀ ਰਿਪੋਰਟ ਦੁਨੀਆ ਭਰ ਵਿੱਚ ਸਭ ਤੋਂ ਵੱਕਾਰੀ ਰਿਪੋਰਟਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸਵੀਡਨ ਦੀ ਗੋਥੇਨਬਰਗ ਯੂਨੀਵਰਸਿਟੀ ਦੇ ਵੀ-ਡੈਮ ਇੰਸਟੀਚਿਊਟ ਵੱਲੋਂ ਪ੍ਰਕਾਸ਼ਤ ਕੀਤਾ ਜਾਂਦਾ ਹੈ। 2026 ਦੀ ਰਿਪੋਰਟ ਮੁਤਾਬਕ ਦੁਨੀਆ ਦੇ ਔਸਤ ਆਮ ਨਾਗਰਿਕ ਲਈ ਲੋਕਤੰਤਰ ਦਾ ਪੱਧਰ 1978 ਦੇ ਪੱਧਰ ‘ਤੇ ਪੁੱਜ ਗਿਆ ਹੈ। 1974 ਵਿੱਚ ਪੁਰਤਗਾਲ ਤੋਂ ਸ਼ੁਰੂ ਹੋਈ ‘ਲੋਕਤੰਤਰੀਕਰਨ ਦੀ ਤੀਜੀ ਲਹਿਰ’ ਨਾਲ ਜੋ ਪ੍ਰਗਤੀ ਹੋਈ ਸੀ, ਉਹ ਲੱਗਭੱਗ ਖਤਮ ਹੋ ਚੁੱਕੀ ਹੈ। ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਅਮਰੀਕਾ ਹੁਣ ‘ਲਿਬਰਲ ਡੈਮੋਕ੍ਰੇਸੀ’ (ਉਦਾਰ ਲੋਕਤੰਤਰ) ਨਹੀਂ ਰਿਹਾ। ਹੁਣ ਦੁਨੀਆ ਦੀ 74 ਫੀਸਦੀ ਆਬਾਦੀ ਤਾਨਾਸ਼ਾਹ ਸ਼ਾਸਨ ਦੇ ਅਧੀਨ ਰਹਿੰਦੀ ਹੈ। 2025 ਦੇ ਅੰਤ ਤੱਕ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਚਾਰ ਤਾਨਾਸ਼ਾਹੀ ਵਾਲੇ ਦੇਸ਼ ਭਾਰਤ, ਚੀਨ, ਇੰਡੋਨੇਸ਼ੀਆ ਤੇ ਪਾਕਿਸਤਾਨ ਹਨ। ਡੋਨਾਲਡ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਵੀ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧ ਰਿਹਾ ਹੈ।
ਰਿਪੋਰਟ ਮੁਤਾਬਕ 2025 ਵਿੱਚ ‘ਚੁਣਾਵੀ ਤਾਨਾਸ਼ਾਹੀ’ ਸਭ ਤੋਂ ਵੱਧ ਆਬਾਦੀ ਵਾਲਾ ਸ਼ਾਸਨ ਬਣ ਗਿਆ ਹੈ, ਜਿਸ ਦੇ ਤਹਿਤ ਦੁਨੀਆ ਦੀ ਲੱਗਭੱਗ ਅੱਧੀ ਆਬਾਦੀ 46 ਫੀਸਦੀ (3.8 ਅਰਬ ਲੋਕ) ਆਉਂਦੇ ਹਨ। ਭਾਰਤ ‘ਚੁਣਾਵੀ ਤਾਨਾਸ਼ਾਹੀ’ ਵਾਲੇ ਦੇਸ਼ਾਂ ਵਿੱਚ 2017 ‘ਚ ਸ਼ਾਮਲ ਹੋਇਆ ਸੀ। 179 ਦੇਸ਼ਾਂ ਵਿੱਚ ਭਾਰਤ ਲਿਬਰਲ ਡੈਮੋਕ੍ਰੇਸੀ ਇੰਡੈਕਸ ‘ਚ 105ਵੇਂ ਸਥਾਨ ‘ਤੇ ਹੈ। ਪਿਛਲੇ ਸਾਲ 100ਵੇਂ ਸਥਾਨ ‘ਤੇ ਸੀ। ਇਲੈਕਟੋਰਲ ਡੈਮੋਕ੍ਰੇਸੀ ਇੰਡੈਕਸ ਵਿੱਚ ਭਾਰਤ 106ਵੇਂ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ 2025 ਦੇ ਅੰਕ 1976 ਦੇ ਪੱਧਰ ‘ਤੇ ਵਾਪਸ ਆ ਗਏ ਹਨ। ਭਾਰਤ ਇਸ ਗਿਰਾਵਟ ‘ਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਰਿਪੋਰਟ ਕਹਿੰਦੀ ਹੈ ਕਿ ਦੱਖਣੀ ਤੇ ਮੱਧ ਏਸ਼ੀਆ ਵਿੱਚ ਸਿਰਫ 2 ਫੀਸਦੀ ਲੋਕ (ਚੁਣਾਵੀ) ਲੋਕਤੰਤਰ ਦਾ ਲਾਭ ਉਠਾ ਰਹੇ ਹਨ ਅਤੇ ਇਹ ਸਭ ਨੇਪਾਲ ਤੇ ਸ੍ਰੀਲੰਕਾ ਵਿੱਚ ਹਨ। ਭੂਟਾਨ, ਮੰਗੋਲੀਆ ਤੇ ਮਾਲਦੀਵ ਵਿੱਚ ਰਹਿਣ ਵਾਲੀ ਆਬਾਦੀ ਬਹੁਤ ਘੱਟ ਹੈ। ਵੱਡੀ ਆਬਾਦੀ (85 ਫੀਸਦੀ) ਭਾਰਤ, ਕਜ਼ਾਖਸਤਾਨ ਤੇ ਪਾਕਿਸਤਾਨ ਵਰਗੇ ਚੁਣਾਵੀ ਤਾਨਾਸ਼ਾਹੀ ਵਾਲੇ ਦੇਸ਼ਾਂ ਵਿੱਚ ਰਹਿੰਦੀ ਹੈ। ਇਸ ਖਿੱਤੇ ਵਿਚ ਸ੍ਰੀਲੰਕਾ ਹੀ ਇੱਕੋ-ਇੱਕ ਦੇਸ਼ (ਖਿੱਤੇ ਦੀ 7 ਫੀਸਦੀ ਆਬਾਦੀ ਵਾਲਾ) ਹੈ, ਜੋ ਲੋਕਤੰਤਰੀਕਰਨ ਵੱਲ ਵਧ ਰਿਹਾ ਹੈ। ਭਾਰਤ ਉਨ੍ਹਾਂ ਚਾਰ ਦੇਸ਼ਾਂ (ਖਿੱਤੇ ਦੀ 29 ਫੀਸਦੀ ਆਬਾਦੀ) ਵਿੱਚ ਸ਼ਾਮਲ ਹੈ, ਜਿਹੜੇ ਤਾਨਾਸ਼ਾਹੀ ਵੱਲ ਵਧ ਰਹੇ ਹਨ। ਦੂਜੇ ਦੇਸ਼ ਅਫਗਾਨਿਸਤਾਨ, ਕਿਰਗਿਸਤਾਨ ਤੇ ਪਾਕਿਸਤਾਨ ਹਨ।
ਰਿਪੋਰਟ ਕਹਿੰਦੀ ਹੈ ਕਿ ਭਾਰਤ ਦਾ ਤਾਨਾਸ਼ਾਹੀ ਵੱਲ ਵਧਣਾ ਲੋਕਤੰਤਰੀ ਅਦਾਰਿਆਂ ਨੂੰ ਹੌਲੀ-ਹੌਲੀ, ਪਰ ਗਿਣੇ-ਮਿੱਥੇ ਤਰੀਕੇ ਨਾਲ ਖਤਮ ਕਰਨਾ ਹੈ। ਹੁਕਮਰਾਨ ਬਹੁਲਤਾਵਾਦ-ਵਿਰੋਧੀ, ਹਿੰਦੂ ਰਾਸ਼ਟਰਵਾਦੀ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਮਿਸਾਲਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਤੇ ਮੀਡੀਆ ਦੀ ਆਜ਼ਾਦੀ ਵਿੱਚ ਗਿਰਾਵਟ, ਸਰਕਾਰ ਦੀ ਅਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਅਤੇ ਨਾਗਰਿਕ ਸਮਾਜ ਤੇ ਆਪੋਜ਼ੀਸ਼ਨ ‘ਤੇ ਹਮਲੇ ਸ਼ਾਮਲ ਹਨ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਵੀ ਸ਼ਾਮਲ ਹੈ, ਜਿੱਥੇ ਸੰਸਦ ਵੱਲੋਂ ਸਰਕਾਰ ਦੇ ਨਾਜਾਇਜ਼ ਕੰਮਾਂ ਦੀ ਜਾਂਚ ਦੀ ਪ੍ਰਭਾਵਸ਼ੀਲਤਾ ਕਮਜ਼ੋਰ ਹੋ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਯੂਰਪ ਤੇ ਉੱਤਰੀ ਅਮਰੀਕਾ ਵਿੱਚ ਔਸਤ ਨਾਗਰਿਕਾਂ ਲਈ ਲੋਕਤੰਤਰ ਦਾ ਪੱਧਰ ਵੀ ਪਿਛਲੇ 50 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਹੈ, ਜਿਸ ਦਾ ਮੁੱਖ ਕਾਰਨ ਅਮਰੀਕਾ ਵਿੱਚ ਚੱਲ ਰਹੀ ਤਾਨਾਸ਼ਾਹੀ ਪ੍ਰਵਿਰਤੀ ਹੈ।



