ਨਵੀਂ ਦਿੱਲੀ : ਕਾਂਗਰਸ ਨੇ ਮਨੀਪੁਰ ਦੇ ਕੁਝ ਹਿੱਸਿਆਂ ’ਚ ਹਿੰਸਕ ਘਟਨਾਵਾਂ ਮੁੜ ਸਾਹਮਣੇ ਆਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੂਬੇ ਦੇ ਲੋਕਾਂ ਦੀ ਪੀੜ ਪ੍ਰਤੀ ‘ਅਸੰਵੇਦਨਸ਼ੀਲ’ ਹੋਣ ਦਾ ਦੋਸ਼ ਲਾਇਆ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ ਕਿ ਮਨੀਪੁਰ ਦੇ ਲੋਕਾਂ ਦਾ ਦਰਦ, ਦੁੱਖ ਅਤੇ ਬੇਵੱਸੀ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ ਕਿਉਂਕਿ ਲੰਘੇ 24 ਘੰਟਿਆਂ ਵਿੱਚ ਸੂਬੇ ਦੇ ਪੰਜ ਜ਼ਿਲ੍ਹੇ ਮੁੜ ਹਿੰਸਾ ਦੀ ਮਾਰ ਹੇਠ ਆ ਗਏ ਹਨ।
ਉਨ੍ਹਾ ਕਿਹਾ, ‘‘ਫਰਵਰੀ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ। ਪਰ ਉਸ ਫ਼ਤਵੇ ਤੋਂ ਸਿਰਫ਼ ਪੰਦਰਾਂ ਮਹੀਨੇ ਬਾਅਦ 3 ਮਈ 2023 ਦੀ ਰਾਤ ਤੋਂ ਮਨੀਪੁਰ ਨੂੰ ਸੜਨ ਲਈ ਛੱਡ ਦਿੱਤਾ ਗਿਆ। ਸੈਂਕੜੇ ਬੇਕਸੂਰ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ। ਹਜ਼ਾਰਾਂ ਲੋਕ ਬੇਘਰ ਹੋ ਗਏ। ਪੂਜਾ ਸਥਾਨ ਤਬਾਹ ਕਰ ਦਿੱਤੇ ਗਏ। ਕੇਂਦਰੀ ਗ੍ਰਹਿ ਮੰਤਰੀ ਨੇ ਮਨੀਪੁਰ ਦਾ ਦੌਰਾ ਕੀਤਾ ਪਰ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਚੁੱਪ ਵੱੱਟੀ ਰੱਖੀ ਅਤੇ ਕੁਝ ਵੀ ਕਹਿਣ ਜਾਂ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।’’
ਰਮੇਸ਼ ਨੇ ਕਿਹਾ, ‘‘ਕਾਂਗਰਸ ਨੇ ਸ਼ੁਰੂ ਤੋਂ ਹੀ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ, ਪਰ ਇਸ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਜਦੋਂ ਤੱਕ ਕਾਂਗਰਸ ਨੇ 10 ਫਰਵਰੀ 2025 ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਨਹੀਂ ਕੀਤਾ। ਭਾਜਪਾ ਨੇ 9 ਫਰਵਰੀ ਦੀ ਰਾਤ ਨੂੰ ਹਕੀਕਤ ਨੂੰ ਸਮਝਦਿਆਂ ਮੁੱਖ ਮੰਤਰੀ ਤੋਂ ਅਸਤੀਫਾ ਦਿਵਾਇਆ ਅਤੇ ਅਖੀਰ ਵਿੱਚ 13 ਫਰਵਰੀ, 2025 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਹਾਲਾਂਕਿ, ਰਾਸ਼ਟਰਪਤੀ ਸ਼ਾਸਨ ਨਾਲ ਕੋਈ ਫ਼ਰਕ ਨਹੀਂ ਪਿਆ ਹੈ।’’


