ਬਟਾਲਾ : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਚਚੇਰੇ ਭਰਾ ਨੂੰ ਵੀਰਵਾਰ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ, ਜੋ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਭਗਵਾਨਪੁਰੀਆ ਦੇ ਜੱਦੀ ਪਿੰਡ ਭਗਵਾਨਪੁਰ ਦੀ ਸਾਬਕਾ ਸਰਪੰਚ ਸੀ ਅਤੇ ਉਸ ਦਾ ਭਤੀਜਾ ਕਰਨਵੀਰ ਸਿੰਘ ਬਟਾਲਾ ਦੇ ਸਿਵਲ ਲਾਈਨਜ਼ ਇਲਾਕੇ ਦੇ ਕਾਦੀਆਂ ਰੋਡ ’ਤੇ ਆਪਣੀ ਰਿਹਾਇਸ਼ ਦੇ ਸਾਹਮਣੇ ਆਪਣੀ ਸਕਾਰਪਿਓ ਵਿੱਚ ਬੈਠੇ ਹੀ ਸਨ ਕਿ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾ ਦਿੱਤੀਆਂ।
ਰਾਹਗੀਰਾਂ ਨੇ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਪੁਲਸ ਕੰਟਰੋਲ ਰੂਮ ਨੂੰ ਸੂਚਤ ਕੀਤਾ ਗਿਆ। ਕਰਨਵੀਰ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਗਿਆ। ਹਰਜੀਤ ਕੌਰ, ਜਿਸ ਨੂੰ ਡਾਕਟਰਾਂ ਨੇ ਅੰਮਿ੍ਰਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਸੀ, ਦੀ ਵੀ ਰਾਹ ਵਿੱਚ ਹੀ ਮੌਤ ਹੋ ਗਈ। ਬੰਬੀਹਾ ਗੈਂਗ ਦੇ ਗੈਂਗਸਟਰ ਡੋਨੀ ਬੱਲ, ਬਿੱਲਾ ਮਾਂਗਾ, ਪ੍ਰਭ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਕਿਹਾ ਗਿਆ, ‘‘ਕਰਨਬੀਰ ਸਿੰਘ ਹੀ ਜੱਗੂ ਭਗਵਾਨਪੁਰੀਏ ਦਾ ਸਾਰਾ ਕੰਮ ਸੰਭਾਲਦਾ ਸੀ ਅਤੇ ਜੱਗੂ ਦੇ ਭਗੌੜੇ ਸਾਥੀਆਂ ਅਤੇ ਹਥਿਆਰਾਂ ਨੂੰ ਵੀ ਸਾਂਭਦਾ ਸੀ। ਅਸੀਂ ਕਰਨਬੀਰ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਹੈ।’’ ਪੋਸਟ ਵਿੱਚ ਅੱਗੇ ਲਿਖਿਆ ਹੈ, ‘‘ਅੱਜ ਅਸੀਂ ਜਾਇਜ਼ ਮਾਰਿਆ ਹੈ ਅਤੇ ਜੇਕਰ ਕੋਈ ਸਾਡਾ ਭਰਾ ਨਾਜਾਇਜ਼ ਮਾਰਿਆ ਜਾਂਦਾ ਹੈ ਤਾਂ ਉਸ ਦਾ ਵੀ ਬਦਲਾ ਲੈਂਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਉਰਫ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲੈਣ ਲਈ ਦੋਵਾਂ ਨੂੰ ਗੋਲੀ ਮਾਰ ਦਿੱਤੀ ਹੈ। ਮਈ ਵਿੱਚ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨੇ ਘੁਮਾਣ-ਸ੍ਰੀ ਹਰਗੋਬਿੰਦਪੁਰ ਸੜਕ ’ਤੇ ਇੱਕ ਪੈਟਰੋਲ ਪੰਪ ਦੇ ਨੇੜੇ ਹੋਈ ਗੋਲੀਬਾਰੀ ਵਿੱਚ ਗੋਰਾ ਨੂੰ ਮਾਰ ਦਿੱਤਾ ਸੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਬੰਬੀਹਾ ਦੇ ਅੱਧਾ ਦਰਜਨ ਤੋਂ ਵੱਧ ਸਾਥੀ ਅਤੇ ਦੋਸਤ ਹਨ, ਜਿਨ੍ਹਾਂ ਵਿੱਚ ਕੁਝ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਕੁਝ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜੋ ਉਸ ਦੇ ਗੈਂਗ ਨੂੰ ਚਲਾ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਸਰਗਰਮੀਆਂ ਨੂੰ ਅਪਡੇਟ ਕਰ ਰਹੇ ਹਨ।





