ਮੁੱਖ ਮੰਤਰੀ ਦੇ ਕਾਫਲੇ ਦੀਆਂ 19 ਗੱਡੀਆਂ ਨਿੱਸਲ

0
99

ਰਤਲਾਮ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਸ਼ੁੱਕਰਵਾਰ ਦੇ ਰਤਲਾਮ ਦੌਰੇ ਤੋਂ ਪਹਿਲਾਂ ਵੱਡੀ ਲਾਪਰਵਾਹੀ ਸਾਹਮਣੇ ਆਈ, ਜਦੋਂ ਉਨ੍ਹਾ ਦੇ ਕਾਫਲੇ ਵਿੱਚ ਸ਼ਾਮਲ 19 ਇਨੋਵਾ ਦੋਸੀਗਾਓਂ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾਉਣ ਤੋਂ ਬਾਅਦ ਅੱਧੇ ਰਸਤੇ ਵਿੱਚ ਹੀ ਰੁਕ ਗਈਆਂ। ਇਹ ਘਟਨਾ ਵੀਰਵਾਰ ਰਾਤ ਲਗਭਗ 10 ਵਜੇ ਵਾਪਰੀ। ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਨੇ ਸ਼ਹਿਰ ਦੀ ਹੱਦ ’ਤੇ ਸਥਿਤ ਭਾਰਤ ਪੈਟਰੋਲੀਅਮ ਦੇ ਸ਼ਕਤੀ ਫਿਊਲਜ਼ ਪੈਟਰੋਲ ਪੰਪ ਤੋਂ ਡੀਜ਼ਲ ਭਰਵਾਇਆ ਸੀ। ਡੀਜ਼ਲ ਭਰਵਾਉਣ ਤੋਂ ਬਾਅਦ ਜਦੋਂ ਗੱਡੀਆਂ ਅੱਗੇ ਵਧੀਆਂ, ਤਾਂ ਕੁਝ ਦੂਰ ਜਾ ਕੇ ਇੱਕ-ਇੱਕ ਕਰਕੇ ਬੰਦ ਹੋ ਗਈਆਂ। ਇਸ ਤੋਂ ਬਾਅਦ ਗੱਡੀਆਂ ਨੂੰ ਧੱਕਾ ਮਾਰ ਕੇ ਸੜਕ ਦੇ ਕਿਨਾਰੇ ਖੜ੍ਹਾ ਕਰਨਾ ਪਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕਾਰਾਂ ਦੀਆਂ ਡੀਜ਼ਲ ਟੈਂਕੀਆਂ ਵਿੱਚ 20 ਲਿਟਰ ਡੀਜ਼ਲ ’ਚ ਕਰੀਬ ਅੱਧਾ ਪਾਣੀ ਮਿਲਿਆ ਹੋਇਆ ਸੀ। ਇਹ ਜਾਣਕਾਰੀ ਮਿਲਦੇ ਹੀ ਅਧਿਕਾਰੀਆਂ ਵਿੱਚ ਭਾਜੜਾਂ ਪੈ ਗਈਆਂ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਹੈ ਅਤੇ ਤੇਲ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਗਲਤੀ ਮੀਂਹ ਦਾ ਪਾਣੀ ਟੈਂਕੀ ਵਿੱਚ ਲੀਕ ਹੋਣ ਕਾਰਨ ਹੋਈ ਹੈ ਜਾਂ ਇਹ ਕਿਸੇ ਦੀ ਲਾਪਰਵਾਹੀ ਦਾ ਨਤੀਜਾ ਹੈ। ਇਨ੍ਹਾਂ ਗੱਡੀਆਂ ਦੇ ਖਰਾਬ ਹੋਣ ਤੋਂ ਬਾਅਦ ਇੰਦੌਰ ਤੋਂ ਬਦਲਵੀਆਂ ਗੱਡੀਆਂ ਮੰਗਵਾਈਆਂ ਗਈਆਂ।