ਮੁਹਾਲੀ : ਪੁਲਸ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭਿ੍ਰਸ਼ਟਾਚਾਰ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਜਦੋਂਕਿ ਉਨ੍ਹਾ ਦੇ ਓ ਐੱਸ ਡੀ ਪ੍ਰਦੀਪ ਕੁਮਾਰ ਖਿਲਾਫ ਜਾਂਚ ਅਜੇ ਵੀ ਜਾਰੀ ਹੈ। ਪੁਲਸ ਨੇ ਮੁਹਾਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ ਤੇ ਅਦਾਲਤ ਵੱਲੋਂ ਇਸ ਬਾਰੇ 14 ਜੁਲਾਈ ਨੂੰ ਫੈਸਲਾ ਲਿਆ ਜਾਵੇਗਾ।
ਤੱਤਕਾਲੀ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾ ਦੇ ਓ ਐੱਸ ਡੀ ਪ੍ਰਦੀਪ ਕੁਮਾਰ ਖਿਲਾਫ 2022 ਵਿਚ ਮੁਹਾਲੀ ਦੇ ਫੇਜ਼ ਅੱਠ ਥਾਣੇ ਵਿੱਚ ਭਿ੍ਰਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਪੰਜਾਬ ਸਿਹਤ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ ’ਤੇ ਕੰਮ ਕਰਦੇ ਅਧਿਕਾਰੀ ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਸਿੰਗਲਾ ਵੱਲੋਂ ਪ੍ਰਦੀਪ ਕੁਮਾਰ ਜ਼ਰੀਏ ਉਨ੍ਹਾ ਕੋਲੋਂ ਪੰਜਾਬ ਸਿਹਤ ਕਾਰਪੋਰੇਸ਼ਨ ਵੱਲੋਂ ਕਰਾਏ ਜਾਂਦੇ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਲਈ ਇੱਕ ਪ੍ਰਤੀਸ਼ਤ ਦੀ ਕਮਿਸ਼ਨ ਮੰਗੀ ਗਈ ਸੀ। ਸ਼ਿਕਾਇਤਕਰਤਾ ਨੇ ਉਸ ਸਮੇਂ ਆਡੀਓ ਰਿਕਾਰਡਿੰਗ ਹੋਣ ਦਾ ਦਾਅਵਾ ਵੀ ਕੀਤਾ ਸੀ।
ਇਸ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਿੰਗਲਾ ਤੇ ਉਨ੍ਹਾਂ ਦੇ ਪ੍ਰਦੀਪ ਕੁਮਾਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮਗਰੋਂ ਦੋਵਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵੀ ਭੇਜਿਆ ਗਿਆ। ਸਿੰਗਲਾ ਨੂੰ ਉਦੋਂ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੇਸ ਨੂੰ ਭਿ੍ਰਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਬਹੁਤ ਪ੍ਰਚਾਰਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਸ ਮਾਮਲੇ ਸੰਬੰਧੀ ਸਰਕਾਰ ਉੱਤੇ ਤਨਜ਼ ਕੱਸੇ ਜਾਂਦੇ ਰਹੇ ਸਨ। ਕਲੋਜ਼ਰ ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੂੰ ਕਲੋਜ਼ਰ ਰਿਪੋਰਟ ਪੇਸ਼ ਕਰਨ ’ਤੇ ਕੋਈ ਉਜ਼ਰ ਨਹੀਂ ਹੈ। ਜੇ ਅਦਾਲਤ 14 ਜੁਲਾਈ ਨੂੰ ਪੁਲਸ ਵੱਲੋਂ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਨੂੰ ਪ੍ਰਵਾਨ ਕਰ ਲੈਂਦੀ ਹੈ ਤਾਂ ਸਿੰਗਲਾ ਦਾ ਇਸ ਮਾਮਲੇ ਵਿੱਚੋਂ ਛੁਟਕਾਰਾ ਹੋ ਜਾਵੇਗਾ।





