ਫਿਰੋਜ਼ਪੁਰ : ਗੁਰੂ ਹਰਸਹਾਏ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਜਸ਼ਨਪ੍ਰੀਤ ਬਾਵਾ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਸਿੱਟ ਦੀ ਰਿਪੋਰਟ ਤੋਂ ਬਾਅਦ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾ ਦੇ ਪੀ ਏ ਬਚਿੱਤਰ ਸਿੰਘ ਲਾਡੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਸ਼ਨਪ੍ਰੀਤ ਦੇ ਪਿਤਾ ਅਤੇ ਕੁਝ ਹੋਰ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਹੁਣ ਪੰਜ ਹੋਰ ਵਿਅਕਤੀਆਂ ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿੱਚ ਨਵਾਂ ਮੋੜ ਆਉਣ ’ਤੇ ਐਕਸ਼ਨ ਕਮੇਟੀ ਦੇ ਆਗੂਆਂ ਵਿੱਚ ਭਾਰੀ ਰੋਸ ਹੈ, ਉਹ ਇਸ ਨੂੰ ਵਿਧਾਇਕ ਦੇ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦੇ ਰਹੇ ਹਨ। ਦੂਜੇ ਪਾਸੇ ਕੁੱਝ ਲੋਕ ਜਸ਼ਨਪ੍ਰੀਤ ਦੇ ਪਰਵਾਰ ਨੂੰ ਹੀ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। 31 ਮਈ ਨੂੰ ਸਰਪੰਚ ਜਸ਼ਨਪ੍ਰੀਤ ਨੇ ਘਰ ਵਿੱਚ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅਗਲੇ ਦਿਨ ਜਸ਼ਨ ਦੇ ਪਿਤਾ ਤਰਸੇਮ ਲਾਲ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਅਤੇ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ। ਜਿਸ ਤੋਂ ਬਾਅਦ ਪੁਲਸ ਨੇ 174 ਤਹਿਤ ਕਾਰਵਾਈ ਕਰਕੇ ਫਾਈਲ ਬੰਦ ਕਰ ਦਿੱਤੀ ਸੀ ਅਤੇ ਪਰਵਾਰ ਦੀ ਬੇਨਤੀ ’ਤੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ।
ਪਰ ਸਸਕਾਰ ਤੋਂ ਬਾਅਦ 5 ਜੂਨ ਨੂੰ ਤਰਸੇਮ ਲਾਲ ਨੇ ਇੱਕ ਦਰਖਾਸਤ ਦੇ ਕੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾ ਦੇ ਪੀ ਏ ਬਚਿੱਤਰ ਸਿੰਘ ਲਾਡੀ ਨੂੰ ਜਸ਼ਨਪ੍ਰੀਤ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਦੀਪਕ ਸ਼ਰਮਾ ਨੇ ਵਿਧਾਇਕ ਖਿਲਾਫ ਕਾਰਵਾਈ ਲਈ ਮੋਰਚਾ ਖੋਲ੍ਹਿਆ ਅਤੇ ਕਈ ਜਥੇਬੰਦੀਆਂ ਨੇ ਪਰਵਾਰ ਦੇ ਹੱਕ ਵਿੱਚ ਖੜ੍ਹ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ। ਇਸ ਦਬਾਅ ਹੇਠ ਪੁਲਸ ਨੂੰ ਸਿੱਟ ਦਾ ਗਠਨ ਕਰਨਾ ਪਿਆ ਸੀ।
ਜਾਣਕਾਰੀ ਅਨੁਸਾਰ ਤਰਸੇਮ ਲਾਲ ਨੇ ਸਿੱਟ ਸਾਹਮਣੇ ਬਿਆਨ ਦਿੱਤਾ ਕਿ ਉਸ ਨੇ ਵਿਧਾਇਕ ਅਤੇ ਉਨ੍ਹਾ ਦੇ ਪੀ ਏ ਖਿਲਾਫ ਦਿੱਤੇ ਬਿਆਨ ਕੁਝ ਲੋਕਾਂ ਵੱਲੋਂ ਭੜਕਾਉਣ ਕਰਕੇ ਦਿੱਤੇ ਸੀ।
ਉਸ ਸਮੇਂ ਉਹ ਸਦਮੇ ਵਿੱਚ ਸੀ ਅਤੇ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇੱਥੋਂ ਤੱਕ ਕਿ ਜਸ਼ਨਪ੍ਰੀਤ ਨੂੰ ਸਰਪੰਚ ਬਣਾਉਣ ਲਈ ਵਿਧਾਇਕ ਅਤੇ ਉਨ੍ਹਾ ਦੇ ਪੀ ਏ ਵੱਲੋਂ ਕਥਿਤ ਤੌਰ ’ਤੇ ਲਏ ਗਏ ਦਸ ਲੱਖ ਰੁਪਏ ਦੇ ਦੋਸ਼ਾਂ ਤੋਂ ਵੀ ਤਰਸੇਮ ਲਾਲ ਸਿੱਟ ਸਾਹਮਣੇ ਮੁੱਕਰ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਬੇਕਸੂਰ ਦੱਸਿਆ।
ਸਿੱਟ ਨੇ ਤਰਸੇਮ ਲਾਲ ਦੀ ਪਤਨੀ ਸਮੇਤ ਸੱਤ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ।
ਇਸ ਮਾਮਲੇ ਸੰਬੰਧੀ ਹੁਣ ਜਿਨ੍ਹਾਂ ਪੰਜ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੋਨਾ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ (ਸਾਰੇ ਪਿੰਡ ਤਰਿੱਡਾ), ਐੱਸ ਕੇ ਸੀ ਕਲੋਨੀ ਗੁਰੂ ਹਰਸਹਾਏ ਵਾਸੀ ਕਰਨਬੀਰ ਸਿੰਘ ਢਿੱਲੋਂ ਸ਼ਾਮਲ ਹਨ।
ਤਰਸੇਮ ਲਾਲ ਦਾ ਕਹਿਣਾ ਹੈ ਕਿ ਇਹ ਲੋਕ ਜਸ਼ਨਪ੍ਰੀਤ ਨੂੰ ਸਰਪੰਚੀ ਤੋਂ ਲਾਹ ਕੇ ਖੁਦ ਸਰਪੰਚੀ ਲੈਣ ਦੀਆਂ ਸਕੀਮਾਂ ਘੜ ਰਹੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸ਼ਨਪ੍ਰੀਤ ਨੇ ਆਤਮਹੱਤਿਆ ਕਰ ਲਈ। ਹਾਲੇ ਤੱਕ ਇਨ੍ਹਾਂ ਵਿੱਚੋਂ ਕਿਸੇ ਦੀ ਗਿ੍ਰਫਤਾਰੀ ਨਹੀਂ ਹੋਈ ਹੈ।





