ਧਾਲੀਵਾਲ ਵੱਲੋਂ 9 ਦੀ ਹੜਤਾਲ ਕਾਮਯਾਬ ਕਰਨ ਦੀ ਅਪੀਲ

0
81

ਮਾਲੇਰਕੋਟਲਾ (ਅਸਗਰ ਪਰਿਹਾਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਅਤੇ ਟਰੇਡ ਯੂਨੀਅਨ ਕੌਂਸਲ (ਏਟਕ) ਮਾਲੇਰਕੋਟਲਾ ਦੀ ਸਾਂਝੀ ਮੀਟਿੰਗ ਕਾ. ਪ੍ਰੀਤਮ ਸਿੰਘ ਨਿਆਮਤਪੁਰ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਕਾ. ਸੁਤੰਤਰ ਕੁਮਾਰ ਟਰੇਡ ਯੂਨੀਅਨ ਦੇ ਸਿਰਮੌਰ ਆਗੂ ਅਤੇ ਸਕੱਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾ. ਭਰਪੂਰ ਸਿੰਘ ਬੂਲਾਪੁਰ ਜ਼ਿਲ੍ਹਾ ਸਕੱਤਰ ਸੀ ਪੀ ਆਈ ਮਾਲੇਰਕੋਟਲਾ ਨੇ ਕਿਹਾ ਕਿ ਪਾਰਟੀ ਵੱਲੋਂ ਪਿਛਲੇ ਸਮੇਂ ਜੋ ਸੰਘਰਸ਼ ਹੋਏ ਹਨ, ਉਨ੍ਹਾਂ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨੇ ਪੂਰੀ ਸ਼ਮੂਲੀਅਤ ਕੀਤੀ ਹੈ। 9 ਜੁਲਾਈ ਨੂੰ ਪਾਰਟੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਮੁਕੰਮਲ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। 3-4 ਜੁਲਾਈ ਨੂੰ ਸਾਰੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਸੰਗਰੂਰ ਨੇ ਕਿਹਾ ਕਿ ਮਾਲੇਰਕੋਟਲਾ ਪਹਿਲਾਂ ਜ਼ਿਲ੍ਹਾ ਸੰਗਰੂਰ ਦਾ ਹਿੱਸਾ ਸੀ, ਹੁਣ ਮਾਲੇਰਕੋਟਲਾ ਵੱਖਰਾ ਜ਼ਿਲ੍ਹਾ ਬਣ ਗਿਆ ਹੈ। ਤੁਸੀਂ ਆਪਣੇ ਜ਼ਿਲ੍ਹੇ ਨੂੰ ਅਗਾਂਹਵਧੂ ਅਤੇ ਤਕੜਾ ਕਰਨ ਲਈ ਸਰਗਰਮ ਭੂਮਿਕਾ ਅਦਾ ਕਰੋਂਗੇ। ਸਾਥੀ ਮਹੰਮਦ ਖਲੀਲ ਏਟਕ ਆਗੂ, ਸਾਥੀ ਰਣਜੀਤ ਸਿੰਘ ਰਾਣਵਾਂ, ਰਾਜਵੰਤ ਸਿੰਘ, ਗੁਰਜੰਟ ਸਿੰਘ, ਨਰਿੰਦਰ ਕੁਮਾਰ, ਪਿਆਰਾ ਲਾਲ, ਦਨੇਸ਼ ਭਾਰਤਵਾਜ, ਸੁਰਿੰਦਰ ਭੈਣੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਨੂੰ ਸੂਬੇ ਵੱਲੋਂ ਕੌਮ ਸਕੱਤਰੇਤ ਮੈਂਬਰ ਸੀ ਪੀ ਆਈ ਕਾ. ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਲੇਰਕੋਟਲਾ ਦੀ ਕਾ.ਅਲਤਾਫ ਉਰ ਰਹਿਮਾਨ, ਮਦਨ ਲਾਲ ਬਾਗੀ, ਕਾ.�ਿਸ਼ਨ ਕੁਮਾਰ ਸ਼ਾਸਤਰੀ, ਆਦਿ ਆਗੂਆਂ ਨੇ ਸੰਘਰਸ਼ੀ ਅਗਵਾਈ ਕੀਤੀ ਹੈ। ਅੱਜ ਜ਼ਿਲ੍ਹਾ ਬਣਨ ’ਤੇ ਮੈਂ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਨ ਆਇਆਂ ਹਾਂ। ਅੱਜ ਸਾਡੇ ਦੇਸ਼ ਵਿੱਚ ਫਿਰਕਾਪ੍ਰਸਤੀ, ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਵਿਰੋਧੀ ਮੋਦੀ ਸਰਕਾਰ ਰਾਜ ਕਰ ਰਹੀ ਹੈ, ਜਿਸ ਵਿਰੁੱਧ ਦੇਸ਼ ਭਰ ਦੇ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਸਮੁੱਚੀ ਮਿਹਨਤਕਸ਼ ਜਨਤਾ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀ ਹੈ, 29 ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡਾਂ ਵਿੱਚ ਬਦਲ ਕੇ, 8 ਘੰਟੇ ਦਿਹਾੜੀ ਨੂੰ ਬਦਲ ਕੇ 12 ਘੰਟੇ ਲਾਗੂ ਕਰ ਰਹੀ ਹੈ, ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ, ਠੇਕਾ ਪ੍ਰਣਾਲੀ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ, ਪੈਨਸ਼ਨਰਾਂ ਨੂੰ ਡੀ ਏ ਨਾ ਦੇਣ ਸਬੰਧੀ ਕਾਨੂੰਨ ਪਾਸ ਕਰ ਦਿੱਤਾ ਹੈ, ਪੰਜਾਬ ਸਰਕਾਰ ਨੇ ਵੀ ਜ਼ਿਮਨੀ ਚੋਣਾਂ ਸਮੇਂ ਸ਼ਾਪ ਐਕਟ ਖਤਮ ਕਰਕੇ ਮੋਦੀ ਸਰਕਾਰ ਦੀ ਤਰਜ਼ ’ਤੇ ਮਜ਼ਦੂਰਾਂ ਦੀ ਲੁੱਟ ਕਰਨ ਦਾ ਰਾਹ 12 ਘੰਟੇ ਦਿਹਾੜੀ ਲਾਗੂ ਕਰਕੇ ਖੋਲ੍ਹ ਦਿੱਤਾ ਹੈ, ਲੱਖਾਂ ਰੈਗੂਲਰ ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਇਸ ਕਰਕੇ ਕਾਮਰੇਡ ਧਾਲੀਵਾਲ ਨੇ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ 21 ਸਤੰਬਰ ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਸੀ ਪੀ ਆਈ ਦੇ ਮਹਾਂ ਸੰਮੇਲਨ ਨੂੰ ਕਾਮਯਾਬ ਕਰਨ ਅਤੇ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀ ਪੀ ਆਈ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਕਾਮਰੇਡ ਧਾਲੀਵਾਲ ਨੂੰ ਸੰਮੇਲਨ ਲਈ 40 ਹਜ਼ਾਰ ਰੁਪਏ ਦੀ ਸਹਾਇਤਾ ਵੀ ਕੀਤੀ ਗਈ।