ਵਿਨੀਪੈੱਗ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਤੁਰੰਤ ਖਤਮ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਇਹ ਸਖਤ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਤਕਨੀਕੀ ਕੰਪਨੀਆਂ ’ਤੇ ਲਗਾਏ ਗਏ ਨਵੇਂ ਡਿਜੀਟਲ ਸੇਵਾਵਾਂ ਟੈਕਸ ਦੇ ਵਿਰੋਧ ਵਿੱਚ ਲਿਆ ਹੈ।
ਟਰੰਪ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਵਿੱਚ ਅਸੀਂ ਕੈਨੇਡਾ ਨੂੰ ਦੱਸਾਂਗੇ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਵਪਾਰ ਕਰਨ ਲਈ ਕਿਹੜਾ ਟੈਕਸ ਦੇਣਾ ਪਵੇਗਾ। ਟਰੰਪ ਨੇ ਕਿਹਾ, “ਕੈਨੇਡਾ ਵਪਾਰ ਕਰਨ ਲਈ ਬਹੁਤ ਮੁਸ਼ਕਲ ਦੇਸ਼ ਹੈ। ਸਾਲਾਂ ਤੋਂ ਇਹ ਸਾਡੇ ਕਿਸਾਨਾਂ, ਡੇਅਰੀ ਉਤਪਾਦਾਂ ’ਤੇ 400 ਫੀਸਦੀ ਤੱਕ ਦੇ ਟੈਕਸ ਲਗਾ ਰਿਹਾ ਹੈ। ਹੁਣ ਕੈਨੇਡਾ ਆਪਣੇ ਡਿਜੀਟਲ ਸਰਵਿਸਿਜ਼ ਟੈਕਸ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਟੈਕਸ ਅਮਰੀਕਾ ਦੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਤੋਂ ਉਨ੍ਹਾਂ ਦੀ ਕੈਨੇਡਾ ਵਿੱਚ ਹੋ ਰਹੀ ਕਮਾਈ ’ਤੇ ਲਾਗੂ ਕੀਤਾ ਜਾਵੇਗਾ।’’ ਉਨ੍ਹਾ ਦੋਸ਼ ਲਾਇਆ ਕਿ ਕੈਨੇਡਾ ਯੂਰਪੀਅਨ ਯੂਨੀਅਨ (ਈ ਯੂ) ਦੀ ਨਕਲ ਕਰ ਰਿਹਾ ਹੈ।
ਅਮਰੀਕਾ ਇਸ ਗੱਲ ਤੋਂ ਤਲਖ਼ੀ ਵਿਚ ਹੈ ਕਿ ਕੈਨੇਡਾ ਉਨ੍ਹਾਂ ਦੀਆਂ ਵੱਡੀਆਂ ਟੈੱਕ ਕੰਪਨੀਆਂ (ਗੂਗਲ, ਐਮਾਜ਼ੋਨ ਆਦਿ) ਉੱਤੇ ਟੈਕਸ ਲਗਾਉਣਾ ਚਾਹੁੰਦਾ ਹੈ, ਜਿਸ ਤੋਂ ਭਾਵ ਹੈ ਕਿ ਤਕਨੀਕੀ ਕੰਪਨੀਆਂ ਨੂੰ 30 ਜੂਨ ਤੋਂ ਟੈਕਸ ਦਾ ਭੁਗਤਾਨ ਕਰਨਾ ਸ਼ੁਰੂ ਕਰਨਾ ਪਵੇਗਾ ਅਤੇ ਇਹ 2022 ’ਤੋਂ ਲਾਗੂ ਹੋਵੇਗਾ। ਇਸ ਨਾਲ ਅਮਰੀਕੀ ਕੰਪਨੀਆਂ ਕੋਲੋਂ ਮਹੀਨੇ ਦੇ ਅੰਤ ਤੱਕ 2 ਅਰਬ ਅਮਰੀਕੀ ਡਾਲਰ ਚਾਰਜ ਕੀਤੇ ਜਾ ਸਕਦੇ ਹਨ। ਹਾਲਾਂਕਿ ਟਰੰਪ ਦੇ ਬਿਆਨ ਤੋਂ ਬਾਅਦ ਕੈਨੇਡਾ ਦੀ ਪ੍ਰਤੀਕਿਰਿਆ ਨਹੀਂ ਮਿਲੀ।





