ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਅੰਮਿ੍ਰਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਪਾਰਟੀ ਵਿੱਚੋਂ ਪੰਜ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀ ਗਈ ਵਿਜੀਲੈਂਸ ਕਾਰਵਾਈ ਦਾ ਵਿਰੋਧ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਜਦੋਂ ਮਜੀਠੀਆ ਡਰੱਗਜ਼ ਮਾਮਲੇ ਵਿੱਚ ਜੇਲ੍ਹ ਵਿੱਚ ਸੀ, ਤਾਂ ਸਰਕਾਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੂਰੀ ਜਾਂਚ ਕਿਉਂ ਨਹੀਂ ਕੀਤੀ। ਉਨ੍ਹਾ ਗਿ੍ਰਫਤਾਰੀ ਦੇ ਤਰੀਕਿਆਂ ਬਾਰੇ ਪਾਰਟੀ ਦੇ ਇਰਾਦਿਆਂ ’ਤੇ ਵੀ ਸਵਾਲ ਉਠਾਏ ਸਨ, ਜਿਸ ਕਾਰਨ ਆਮ ਆਦਮੀ ਪਾਰਟੀ ਲਈ ਆਪਣੀ ਕਾਰਵਾਈ ਦਾ ਜਵਾਬ ਦੇਣਾ ਮੁਸ਼ਕਲ ਹੋ ਗਿਆ ਸੀ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਨਸ਼ਿਆਂ ਖਿਲਾਫ ਐਕਸ਼ਨ ਪਾਰਟੀ ਦੀ ਵਿਚਾਰਧਾਰਾ ਹੈ ਤੇ ਇਸ ਵਿਰੁੱਧ ਜਾਣ ਵਾਲੇ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ। ਪਾਰਟੀ ਮੁਤਾਬਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਮੁਅੱਤਲ ਕੀਤਾ ਗਿਆ ਹੈ। ਪਾਰਟੀ ਵੱਲੋਂ ਕੀਤੇ ਗਏ ਇਸ ਫੈਸਲੇ ਦੇ ਸੰਬੰਧ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਭਗਤ ਕਬੀਰ ਜੀ ਦਾ ਦੋਹਾ ਲਿਖਿਆ ਹੈ : ‘ਕਬੀਰ ਜਿਸੁ ਮਰਨੇ ਤੇ ਜਗੁ ਡਰੇ ਮੇਰੇ ਮਨਿ ਆਨੰਦੁ।।’ ਇਸ ਪ੍ਰਤੀਕਿਰਿਆ ਦੇ ਜਵਾਬ ਵਿੱਚ ਸਮਰਥਕਾਂ ਨੇ ਪਾਰਟੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਉਨ੍ਹਾ ਨੂੰ ਤਨਦੇਹੀ ਨਾਲ ਇਸੇ ਮਾਰਗ ’ਤੇ ਨਿਡਰ ਹੋ ਕੇ ਚੱਲਣ ਲਈ ਕਿਹਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਹਿਲਾਂ ਵੀ ਕਈ ਵਾਰ ਪਾਰਟੀ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਏ ਹਨ ਅਤੇ ਪਾਰਟੀ ਦੀਆਂ ਗਲਤੀਆਂ ਨੂੰ ਉਭਾਰਨ ਦਾ ਯਤਨ ਕੀਤਾ ਹੈ। ਉਹ ਲਗਾਤਾਰ ਪਾਰਟੀ ਅਤੇ ਸਰਕਾਰ ਵਿਚਲੀਆਂ ਖਾਮੀਆਂ ਦੀ ਵੀ ਨਿਸ਼ਾਨਦੇਹੀ ਕਰਦੇ ਰਹੇ ਹਨ। ਉਨ੍ਹਾ ਕਿਹਾ ਸੀ ਕਿ ਜਦੋਂ ਮਜੀਠੀਆ 2022 ਵਿੱਚ ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਸੀ ਤਾਂ ‘ਮਾਨ ਸਾਹਬ’ ਦੀ ਸਰਕਾਰ ਨੇ ਪੁੱਛਗਿੱਛ ਤੱਕ ਨਹੀਂ ਕੀਤੀ, ਚਲਾਨ ਨਹੀਂ ਪੇਸ਼ ਕੀਤਾ ਅਤੇ ਜ਼ਮਾਨਤ ਕਰਵਾ ਦਿੱਤੀ। ਉਨ੍ਹਾ ਦੋਸ਼ ਲਾਇਆ ਸੀ ਕਿ ਬਰਗਾੜੀ ਬੇਅਦਬੀ ਦੇ ਇਨਸਾਫ ਵੇਲੇ ਵੀ ਸਰਕਾਰ ਨੇ ਦੋਸ਼ੀ ਪਰਵਾਰ ਨਾਲ ਸਮਝੌਤਾ ਕਰ ਲਿਆ।
ਉਨ੍ਹਾ 25 ਜੂਨ ਨੂੰ ਇੱਕ ਫੇਸਬੁਕ ਪੋਸਟ ਵਿਚ ਕਿਹਾ ਸੀ, ‘ਮਜੀਠੀਆ ਨਾਲ ਮੇਰੇ ਵਿਚਾਰਧਾਰਕ ਮਤਭੇਦ ਹਨ ਅਤੇ ਰਹਿਣਗੇ, ਪਰ ਪਰਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ, ਚਾਹੇ ਉਹ ਨੇਤਾ ਹੋਵੇ, ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਦੋਸਤ ਹੋਵੇ ਜਾਂ ਦੁਸ਼ਮਣ। ਤੜਕੇ ਕਿਸੇ ਦੇ ਘਰ ’ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੈ।’
ਸਾਬਕਾ ਪੁਲਸ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਹਰੇਕ ਸਰਕਾਰ ਨੇ ਪੁਲਸ ਤੇ ਵਿਜੀਲੈਂਸ ਦੀ ਆਪਣੇ ਫਾਇਦੇ ਲਈ ਵਰਤੋਂ ਕੀਤੀ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਉਨ੍ਹਾ ਕਿਹਾ, ‘ਕਿਸੇ ਨਾਲ ਮੇਰਾ ਸਿਆਸੀ ਤੌਰ ’ਤੇ ਮਤਭੇਦ ਹੋ ਸਕਦਾ ਹੈ, ਵਿਚਾਰਧਾਰਕ ਵਖਰੇਵਾਂ ਹੋ ਸਕਦਾ ਹੈ, ਪਰ ਨੀਤੀ, ਧਰਮ ਤੇ ਦਿਆਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ।’ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁਕ ਪੋਸਟ ਵਿਚ ਅੱਗੇ ਕਿਹਾ, ‘ਜਦੋਂ ਮਜੀਠੀਆ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ੍ਹ ਵਿੱਚ ਸਨ ਤਾਂ ਮਾਨ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਅਤੇ ਕੋਈ ਪੁੱਛਗਿੱਛ ਨਹੀਂ ਕੀਤੀ ਗਈ, ਬਾਅਦ ਵਿੱਚ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਸੀ। ਹਾਈ ਕੋਰਟ ਨੇ ਇਸ ਆਧਾਰ ’ਤੇ ਜ਼ਮਾਨਤ ਦਿੱਤੀ ਕਿ ਜੇ ਮਜੀਠੀਆ ਪੁਲਸ ਨੂੰ ਪੁੱਛਗਿੱਛ ਵਾਸਤੇ ਲੋੜੀਂਦਾ ਨਹੀਂ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ।’ ਉਨ੍ਹਾ ਕਿਹਾ, ‘ਜਦੋਂ ਮਜੀਠੀਆ ਕਸਟਡੀ ਵਿੱਚ ਸੀ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅੱਜ ਘਰ ’ਤੇ ਰੇਡ ਕੀਤਾ ਜਾ ਰਿਹਾ ਹੈ ਅਤੇ ਬਹੁ-ਬੇਟੀ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।’





