ਜੱਗੂ ਭਗਵਾਨਪੁਰੀਏ ਦੀ ਭਾਬੀ ਹਵਾਈ ਅੱਡੇ ਤੋਂ ਫੜੀ

0
154

ਅੰਮਿ੍ਰਤਸਰ : ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਰਜਾਈ ਲਵਜੀਤ ਕੌਰ ਨੂੰ ਸੋਮਵਾਰ ਦੇਰ ਰਾਤ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਗਿ੍ਰਫਤਾਰ ਕਰ ਲਿਆ ਹੈ। ਉਹ ਆਸਟਰੇਲੀਆ ਭੱਜਣ ਦੀ ਫਿਰਾਕ ਵਿੱਚ ਸੀ। ਭਗਵਾਨਪੁਰੀਆ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਸੂਤਰਾਂ ਮੁਤਾਬਕ ਲਵਜੀਤ ਕੌਰ ਹਾਲ ਹੀ ਵਿਚ ਆਪਣੀ ਸੱਸ ਹਰਜੀਤ ਕੌਰ ਦੇ ਭੋਗ ਨੂੰ ਲੈ ਕੇ ਬਟਾਲਾ ਆਈ ਸੀ। ਬਟਾਲਾ ਪੁਲਸ ਨੇ ਪਿਛਲੇ ਦਿਨੀਂ ਉਸ ਨੂੰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਰਾ ਬਰਿਆਰ ਦੇ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਸੀ। ਲਵਜੀਤ ਕੌਰ ਖਿਲਾਫ ਕੇਸ ਪਹਿਲਾਂ ਹੀ ਦਰਜ ਸੀ ਤੇ ਉਸ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਉਸ ਖਿਲਾਫ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ। ਪਿਛਲੇ ਦਿਨੀਂ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਇੱਕ ਹੋਰ ਰਿਸ਼ਤੇਦਾਰ ਕਰਮਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਲਵਜੀਤ ਕੌਰ ਸੋਮਵਾਰ ਰਾਤ ਆਸਟਰੇਲੀਆ ਜਾਣ ਵਾਲੀ ਉਡਾਣ ਦੀ ਉਡੀਕ ਕਰ ਰਹੀ ਸੀ ਕਿ ਚੌਕਸ ਅਧਿਕਾਰੀਆਂ ਨੇ ਐੱਲ ਓ ਸੀ ਦੇ ਆਧਾਰ ’ਤੇ ਉਸ ਦੀ ਪਛਾਣ ਕੀਤੀ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਟਾਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਹਾਲ ਹੀ ਵਿੱਚ ਹੋਏ ਕਤਲਾਂ ਵਿੱਚ ਉਸ ਦੀ ਸੰਭਾਵੀ ਭੂਮਿਕਾ ਅਤੇ ਹੋਰ ਮੁਲਜ਼ਮਾਂ ਨਾਲ ਉਸ ਦੇ ਸੰਬੰਧਾਂ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ।