ਅਧਿਆਪਕਾਂ ਦੀਆਂ ਵਗਾਰਾਂ

0
100

ਸਰਕਾਰੀ ਸਕੂਲਾਂ ਦੀ ਕੁਆਲਿਟੀ ਦੀ ਚਰਚਾ ਅਕਸਰ ਹੁੰਦੀ ਹੈ। ਲੋਕ ਸ਼ਿਕਾਇਤ ਕਰਦੇ ਹਨ ਕਿ ਇਨ੍ਹਾਂ ਸਕੂਲਾਂ ’ਚ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਹੁੰਦੀ, ਪਰ ਕਦੇ ਇਹ ਸੁਆਲ ਵੀ ਪੁੱਛਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਪੂਰਾ ਸਮਾਂ ਤੇ ਅਨੁਕੂਲ ਮਾਹੌਲ ਮਿਲ ਵੀ ਰਿਹਾ ਹੈ ਜਾਂ ਨਹੀਂ? ਸਰਕਾਰੀ ਸਕੂਲ ਅਧਿਆਪਕ ਵੋਟਰ ਬਣਾਉਣ ਲਈ ਬੀ ਐੱਲ ਓ (ਬੂਥ ਲੈਵਲ ਅਫਸਰ) ਦੀ ਜ਼ਿੰਮੇਵਾਰੀ ਨਿਭਾਉਦੇ ਹਨ, ਜਨਗਣਨਾ ਤੇ ਸਮਾਜੀ-ਆਰਥਕ ਸਰਵੇਖਣ ਕਰਦੇ ਹਨ, ਚੋਣ ਡਿਊਟੀਆਂ ਦਿੰਦੇ ਹਨ ਅਤੇ ਕਦੇ-ਕਦੇ ਸਰਕਾਰੀ ਯੋਜਨਾਵਾਂ ਦੇ ਫਾਰਮ ਭਰਵਾਉਣ ਤੇ ਲਾਭਾਰਥੀਆਂ ਦੀਆਂ ਸੂਚੀਆਂ ਬਣਾਉਣ ਦਾ ਕੰਮ ਵੀ ਇਨ੍ਹਾਂ ਤੋਂ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਜ਼ਿੰਮੇਵਾਰੀਆਂ ਇਨ੍ਹਾਂ ’ਤੇ ਪਾ ਦਿੱਤੀਆਂ ਜਾਂਦੀਆਂ ਹਨ। ਦਲੀਲ ਦਿੱਤੀ ਜਾਂਦੀ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਚੰਗਾ ਨਹੀਂ ਪੜ੍ਹਾਉਦੇ, ਜਿਸ ਕਰਕੇ ਨਤੀਜੇ ਚੰਗੇ ਨਹੀਂ ਆਉਂਦੇ, ਇਹ ਦਲੀਲ ਗਲਤ ਹੈ। ਨਵੋਦਿਆ ਵਿਦਿਆਲਿਆਂ ਤੇ ਕੇਂਦਰੀ ਵਿਦਿਆਲਿਆਂ ਵਿੱਚ ਵੀ ਸਰਕਾਰੀ ਅਧਿਆਪਕ ਹਨ। ਉਨ੍ਹਾਂ ਦੇ ਨਤੀਜੇ ਇਸ ਕਰਕੇ ਬਿਹਤਰੀਨ ਆਉਦੇ ਹਨ, ਕਿਉਕਿ ਉਹ ਸੂਬਾਈ ਸਰਕਾਰੀ ਸਕੂਲਾਂ ਵਾਲੇ ਅਧਿਆਪਕਾਂ ਵਾਲੀਆਂ ਵਗਾਰਾਂ ਨਹੀਂ ਕਰਦੇ। ਫਿਨਲੈਂਡ ਦੀ ਸਿੱਖਿਆ ਵਿਵਸਥਾ ਨੂੰ ਦੁਨੀਆ ਦੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਉੱਥੇ ਅਧਿਆਪਕ ਸਿਰਫ ਸਿਲੇਬਸ ਪੜ੍ਹਾਉਣ ਵਾਲੇ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੇ ਅਗਰਦੂਤ ਮੰਨੇ ਜਾਂਦੇ ਹਨ। ਸਮਾਜ ਉਨ੍ਹਾਂ ਨੂੰ ਡਾਕਟਰਾਂ ਤੇ ਜੱਜਾਂ ਵਰਗਾ ਮਾਣ ਦਿੰਦਾ ਹੈ। ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨਿਕ ਕੰਮ ਨਹੀਂ ਲਿਆ ਜਾਂਦਾ।
ਸਾਡੇ ਸਰਕਾਰੀ ਅਧਿਆਪਕਾਂ ਤੋਂ ਜੇ ਚੰਗੇ ਨਤੀਜੇ ਲੈਣੇ ਹਨ ਤਾਂ ਇਨ੍ਹਾਂ ਨੂੰ ਗੈਰ-ਵਿਦਿਅਕ ਕੰਮਾਂ ਤੋਂ ਫਾਰਗ ਕਰਨਾ ਪਵੇਗਾ। ਇਸ ਲਈ ਪੰਚਾਇਤ ਪੱਧਰ ’ਤੇ ਸਕੱਤਰਾਂ ਤੇ ਸਹਾਇਕ ਸਕੱਤਰਾਂ ਆਦਿ ਦੀ ਪੱਕੀ ਨਿਯੁਕਤੀ ਕਰਨੀ ਪਵੇਗੀ, ਜਿਹੜੇ ਸਥਾਨਕ ਪੱਧਰ ’ਤੇ ਬੀ ਐੱਲ ਓ ਅਤੇ ਜਨਗਣਨਾ, ਸਰਵੇਖਣਾਂ ਤੇ ਯੋਜਨਾਵਾਂ ਦਾ ਕੰਮ ਸੰਭਾਲਣ। ਅੱਜ ਡਿਜੀਟਲ ਯੁੱਗ ਵਿੱਚ ਡਾਟਾ ਸੰਗ੍ਰਹਿ ਅਤੇ ਰਿਪੋਰਟਿੰਗ ਮਾਹਰਾਂ ਦਾ ਕੰਮ ਬਣ ਚੁੱਕਾ ਹੈ, ਜਿਸ ਨੂੰ ਠੀਕ ਤਰ੍ਹਾਂ ਕਰਨ ਲਈ ਪ੍ਰਸ਼ਾਸਨਿਕ ਟਰੇਨਿੰਗ ਤੇ ਤਕਨੀਕੀ ਮੁਹਾਰਤ ਦੀ ਲੋੜ ਹੈ, ਨਾ ਕਿ ਵਿਦਿਅਕ ਕੌਸ਼ਲ ਦੀ। ਜਦ ਕੌਮੀ ਸਿੱਖਿਆ ਨੀਤੀ ਤੇ ਸਰਕਾਰੀ ਯੋਜਨਾਵਾਂ ਨਤੀਜਾ-ਮੁਖੀ ਸਿੱਖਿਆ ਦੀ ਗੱਲ ਕਰਦੀਆਂ ਹਨ ਤਾਂ ਕੀ ਉਹ ਇਹ ਯਕੀਨੀ ਨਹੀਂ ਬਣਾ ਸਕਦੀਆਂ ਕਿ ਅਧਿਆਪਕ ਨੂੰ ਪੜ੍ਹਾਉਣ ਲਈ ਪੂਰਾ ਸਮਾਂ ਤੇ ਸਨਮਾਨ ਮਿਲੇ? ਨਤੀਜੇ ਉਦੋਂ ਹੀ ਬਿਹਤਰ ਨਿਕਲਣਗੇ, ਜਦੋਂ ਅਧਿਆਪਕ ਦੀ ਭੂਮਿਕਾ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ ਅਤੇ ਉਸ ਨੂੰ ਪ੍ਰਸ਼ਾਸਨਿਕ ਕੰਮਾਂ ਤੋਂ ਮੁਕਤ ਕੀਤਾ ਜਾਵੇਗਾ। ਕੀ ਡਾਕਟਰ ਨੂੰ ਓ ਪੀ ਡੀ ਦੇ ਨਾਲ-ਨਾਲ ਦਵਾਈਆਂ ਦਾ ਸਟਾਕ ਗਿਣਨ ਤੇ ਹਸਪਤਾਲ ਦੀ ਬਿਜਲੀ ਦਾ ਬਿੱਲ ਭਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ? ਜੇ ਡਾਕਟਰ ਤੋਂ ਹੋਰ ਕੰਮ ਨਹੀਂ ਲਿਆ ਜਾਂਦਾ ਤਾਂ ਅਧਿਆਪਕਾਂ ਨਾਲ ਬੇਇਨਸਾਫੀ ਕਿਉ ਕੀਤੀ ਜਾਂਦੀ ਹੈ। ਸਰਕਾਰੀ ਸਕੂਲਾਂ ਨੂੰ ਸੁਧਾਰਨ ਲਈ ਕਿਸੇ ਵਿਦੇਸ਼ੀ ਮਾਡਲ ਜਾਂ ਬਹੁਤ ਵੱਡੇ ਬਜਟ ਦੀ ਲੋੜ ਨਹੀਂ, ਬੱਸ ਅਧਿਆਪਕ ਨੂੰ ਪੜ੍ਹਾਉਣ ਦਾ ਸਮਾਂ, ਵਸੀਲੇ ਤੇ ਸਨਮਾਨ ਦਿਓ, ਬਾਕੀ ਕੰਮ ਉਹ ਖੁਦ ਕਰ ਲਵੇਗਾ। ਅਧਿਆਪਕ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਧਾਰਦਾ ਹੈ। ਉਸ ਦੀ ਊਰਜਾ, ਸਮੇਂ ਤੇ ਵਿਵੇਕ ਨੂੰ ਗੈਰ-ਜ਼ਰੂਰੀ ਕੰਮਾਂ ਵਿੱਚ ਝੋਕਣ ਨਾ ਸਿਰਫ ਸਿੱਖਿਆ ਵਿਵਸਥਾ ਨਾਲ ਬੇਇਨਸਾਫੀ ਹੈ, ਸਗੋਂ ਰਾਸ਼ਟਰ ਦੀ ਬੌਧਿਕ ਪੂੰਜੀ ਨੂੰ ਨਸ਼ਟ ਕਰਨਾ ਹੈ। ਇੱਕ ਸੁਰ ਵਿੱਚ ਇਹ ਕਹਿਣ ਦਾ ਵਕਤ ਆ ਗਿਆ ਹੈਅਧਿਆਪਕ ਨੂੰ ਅਧਿਆਪਕ ਹੀ ਰਹਿਣ ਦਿਓ।