ਪਟਨਾ : ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਇੱਕ ਮੁੱਖ ਸ਼ੱਕੀ ਮੰਗਲਵਾਰ ਤੜਕੇ ਪਟਨਾ ਦੇ ਡਮਰੀਆ ਘਾਟ ਇਲਾਕੇ ਵਿੱਚ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਉਰਫ ਰਾਜਾ (29) ਕਈ ਹੋਰ ਅਪਰਾਧਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਮੌਕੇ ਤੋਂ ਇੱਕ ਪਿਸਤੌਲ, ਇੱਕ ਚੱਲਿਆ ਹੋਇਆ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਪੁਲਸ ਨੂੰ ਸ਼ੱਕ ਹੈ ਕਿ ਵਿਕਾਸ ਨੇ ਉਹ ਹਥਿਆਰ ਮੁਹੱਈਆ ਕਰਵਾਇਆ ਸੀ, ਜੋ ਖੇਮਕਾ ਦੇ ਕਤਲ ਵਿੱਚ ਵਰਤਿਆ ਗਿਆ ਸੀ। ਪੁਲਸ ਨੇ ਇਸ ਤੋਂ ਪਹਿਲਾਂ ਬਿਜ਼ਨਸਮੈਨ ਗੋਪਾਲ ਸਾਓ ਨੂੰ ਫੜਿਆ ਸੀ, ਜਿਸ ਨੇ ਕਥਿਤ ਤੌਰ ’ਤੇ ਉਮੇਸ਼ ਨੂੰ ਕਤਲ ਲਈ ਪੈਸੇ ਦਿੱਤੇ ਸਨ। ਉਮੇਸ਼ ਨੂੰ ਵੀ ਸੋਮਵਾਰ ਫੜ ਲਿਆ ਗਿਆ ਸੀ। ਗੋਪਾਲ ਸਾਓ ਦੀ ਖੇਮਕਾ ਨਾਲ ਲਾਗਤਬਾਜ਼ੀ ਦੱਸੀ ਗਈ ਹੈ। ਹੁਣ ਤੱਕ ਮਾਮਲੇ ਵਿੱਚ 12 ਲੋਕ ਫੜੇ ਗਏ ਹਨ। ਖੇਮਕਾ ਨੂੰ ਸ਼ੁੱਕਰਵਾਰਗਾਂਧੀ ਮੈਦਾਨ ਇਲਾਕੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ।




