ਓਟਵਾ : ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਮੰਗਲਵਾਰ ਦੋ ਜਹਾਜ਼ ਟਕਰਾਉਣ ਕਾਰਨ ਇੱਕ ਭਾਰਤੀ ਸਿੱਖਿਆਰਥੀ ਪਾਇਲਟ ਸਮੇਤ ਦੋ ਦੀ ਮੌਤ ਹੋ ਗਈ। ਭਾਰਤੀ ਪਾਇਲਟ, ਜਿਸ ਦੀ ਪਛਾਣ ਸ੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦਾ ਸਿੰਗਲ ਇੰਜਣ ਵਾਲਾ ਜਹਾਜ਼ ਅਜਿਹੇ ਹੀ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ। ਦੂਜੇ ਜਹਾਜ਼ ਨੂੰ 20 ਸਾਲਾ ਸਾਵਨਾ ਮੇਅ ਰੋਇਜ਼ ਉਡਾ ਰਿਹਾ ਸੀ ਅਤੇ ਉਸ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚਲਦਿਆਂ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ। ਹਾਦਸਾ ਸਟੇਨਬਾਕ, ਵਿਨੀਪੈੱਗ ਤੋਂ ਲਗਭਗ 50 ਕਿਲੋਮੀਟਰ ਦੱਖਣ-ਪੂਰਬ ਵਿੱਚ ਹੋਇਆ। ਦੋਨੋਂ ਟੇਕ ਆਫ ਅਤੇ ਲੈਂਡਿੰਗ ਦਾ ਅਭਿਆਸ ਕਰਦੇ ਹੋਏ ਲੈਂਡਿੰਗ ਸਟਿ੍ਰਪ ਦੇ ਨੇੜੇ ਪਹੁੰਚਦੇ ਸਮੇਂ ਟਕਰਾਏ।
ਇੱਕ ਪਾਇਲਟ ਰੋਹਤਕ ਤੇ ਦੂਜਾ ਪਾਲੀ ਦਾ ਸੀ
ਨਵੀਂ ਦਿੱਲੀ : ਰਾਜਸਥਾਨ ਦੇ ਚੁਰੂ ਵਿੱਚ ਬੁੱਧਵਾਰ ਨੂੰ ਜੈਗੁਆਰ ਲੜਾਕੂ ਜਹਾਜ਼ ਹਾਦਸੇ ਵਿੱਚ ਮਾਰੇ ਗਏ ਭਾਰਤੀ ਹਵਾਈ ਸੈਨਾ ਦੇ ਦੋ ਪਾਇਲਟਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਤੋਂ ਸਕੁਐਡਰਨ ਲੀਡਰ ਲੋਕੇਂਦਰ ਸਿੰਘ ਸਿੰਧੂ (44) ਅਤੇ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਤੋਂ ਫਲਾਈਟ ਲੈਫਟੀਨੈਂਟ ਰਿਸ਼ੀਰਾਜ ਸਿੰਘ ਦੇਵਦਾ (23) ਵਜੋਂ ਹੋਈ ਹੈ। ਦੋਵੇਂ ਅੰਬਾਲਾ ਏਅਰਬੇਸ ’ਤੇ ਪੋਸਟਡ ਸਨ ਅਤੇ ਨਿਯਮਤ ਸਿਖਲਾਈ ਅਭਿਆਸ ਲਈ ਰਾਜਸਥਾਨ ਦੇ ਬਾੜਮੇਰ ਏਅਰਬੇਸ ’ਤੇ ਤਾਇਨਾਤ ਸਨ।


