ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਅਜਲਾਸ ’ਚ ਸ਼ੁੱਕਰਵਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰਾਂ ਨੇ ਮਤੇ ’ਤੇ ਸਹਿਮਤੀ ਦਿੱਤੀ। ਮੁੱਖ ਮੰਤਰੀ ਦੀ ਹਾਜ਼ਰੀ ’ਚ ਮਤਾ ਪਾਸ ਹੋਇਆ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੰਬੰਧਤ ਮਤਾ ਸਦਨ ਵਿਚ ਪੇਸ਼ ਕੀਤਾ। ਸਦਨ ਨੇ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ। ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਸ ਡੈਮ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਇਸ ਦੌਰਾਨ ਪੰਜਾਬ ਵਿਧਾਨ ਸਭਾ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਸੈਂਬਲੀ ਨੂੰ ਸਟੇਜ ਦੀ ਤਰ੍ਹਾਂ ਵਰਤਣ ਦਾ ਇਲਜ਼ਾਮ ਹਾਕਮ ਧਿਰ ’ਤੇ ਲਾਇਆ। ਮੰਤਰੀ ਅਮਨ ਅਰੋੜਾ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤਾ ਕਿ ਬਾਜਵਾ ਨੇ ਸਦਨ ਦੀ ਤੌਹੀਨ ਕੀਤੀ ਹੈ। ਉਨ੍ਹਾ ਇਸ ਮੁੱਦੇ ਉਤੇ ਬਾਜਵਾ ਖਿਲਾਫ ਮਰਿਆਦਾ ਮਤਾ ਲਿਆਉਣ ਲਈ ਕਿਹਾ।
ਪੰਜਾਬ ਵਿਧਾਨ ਸਭਾ ਨੇ ਪੰਜਾਬ ’ਚ ਬੈਲ ਗੱਡੀਆਂ ਦੀਆਂ ਖੇਡਾਂ ਨਾਲ ਸੰਬੰਧਤ ਬਿੱਲ ਵੀ ਪਾਸ ਕਰ ਦਿੱਤਾ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ‘ਪਸ਼ੂਆਂ ’ਤੇ ਜ਼ੁਲਮ ਰੋਕੂ ਪੰਜਾਬ ਸੋਧ ਬਿੱਲ 2025’ ਪੇਸ਼ ਕੀਤਾ। ਮਤੇ ’ਤੇ ਲੰਮੀ ਬਹਿਸ ਹੋਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਤੇ ਦੀ ਹਮਾਇਤ ਕੀਤੀ। ਬਹਿਸ ਪਿੱਛੋਂ ਸਦਨ ਨੇ ਬਿੱਲ ਪਾਸ ਕਰ ਦਿੱਤਾ।




